ਨਵੀਂ ਦਿੱਲੀ : ਘਟੀਆ, ਪੁਰਾਣੇ ਪੈ ਚੁੱਕੇ ਅਤੇ ਖ਼ਰਾਬ ਰੱਖਿਆ ਉਪਕਰਨ ਤੇ ਫ਼ੌਜੀ ਸਾਜ਼ੋ-ਸਾਮਾਨ ਕਾਰਨ ਖ਼ਤਰੇ 'ਚ ਪੈਂਦੀ ਜਵਾਨਾਂ ਦੀ ਜਾਨ ਦਾ ਮਾਮਲਾ ਇਕ ਵਾਰੀ ਫਿਰ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸੁਪਰੀਮ ਕੋਰਟ ਨੇ ਖ਼ਰਾਬ ਪੁਰਾਣੇ ਹਥਿਆਰਾਂ, ਜਹਾਜ਼ਾਂ, ਜੰਗੀ ਬੇੜਿਆਂ, ਪਣਡੁੱਬੀਆਂ ਆਦਿ ਨੂੰ ਸੈਨਾ ਤੋਂ ਬਾਹਰ ਕਰਨ ਅਤੇ ਫ਼ੌਜੀ ਸਮੱਗਰੀ ਦੀ ਖ਼ਰੀਦ ਪ੍ਰਕਿਰਿਆ ਬਣਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ 'ਤੇ ਕੇਂਦਰ ਸਰਕਾਰ ਤੇ ਤਿੰਨਾਂ ਫ਼ੌਜ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ 'ਚ ਜਵਾਬ ਮੰਗਿਆ ਹੈ। ਤਾਜ਼ਾ ਪਣਡੁੱਬੀ ਹਾਦਸੇ ਤੇ ਹੋਰ ਘਟਨਾਵਾਂ ਦਾ ਹਵਾਲਾ ਦਿੰਦਿਆਂ ਖ਼ਰਾਬ ਫ਼ੌਜੀ ਸਮੱਗਰੀ ਦਾ ਮੁੱਦਾ ਉਠਾਉਣ ਵਾਲੀ ਇਹ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਹੀ ਛੇ ਵਕੀਲਾਂ ਨੇ ਦਾਖ਼ਲ ਕੀਤੀ ਹੈ। ਮੁੱਖ ਜੱਜ ਪੀ. ਸੱਤਸ਼ਿਵਮ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਪਟੀਸ਼ਨਕਰਤਾਵਾਂ ਦੇ ਵਕੀਲ ਡੀਕੇ ਗਰਗ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ 'ਚ ਬਚਾਅ ਪੱਖ ਬਣਾਏ ਗਏ ਰੱਖਿਆ ਮੰਤਰਾਲੇ, ਵਿੱਤ ਮੰਤਰਾਲੇ, ਭਾਰਤੀ ਫ਼ੌਜ ਦੇ ਤਿੰਨਾਂ ਅੰਗਾਂ ਅਤੇ ਇੰਡੀਅਨ ਡਿਫੈਂਸ ਪ੍ਰੋਕਿਓਰਮੈਂਟ ਆਗਰੇਨਾਈਜ਼ੇਸ਼ਨ (ਆਈਡੀਪੀਓ) ਨੂੰ ਨੋਟਿਸ ਜਾਰੀ ਕੀਤਾ। ਪਟੀਸ਼ਨ ਦਾਖ਼ਲ ਕਰਨ ਵਾਲੇ ਛੇ ਵਕੀਲ ਰਣਵੀਰ ਯਾਦਵ, ਪੀਬੀ ਯੋਗੇਸ਼ਵਰਨ, ਵਿਵੇਕ ਗੁਪਤਾ, ਅਭਿਸ਼ੇਕ ਗਰਗ, ਦੀਪਕ ਮਿਸ਼ਰਾ ਤੇ ਸੰਜੇ ਤਿਆਕੀ ਹਨ। ਬਹਿਸ ਦੌਰਾਨ ਡੀਕੇ ਗਰਗ ਨੇ ਘਟੀਆ ਅਤੇ ਪੁਰਾਣੀ ਤਕਨੀਕ ਦੇ ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ 'ਤੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਖ਼ਰਾਬ ਅਤੇ ਪੁਰਾਣੀ ਪੈ ਚੁੱਕੀ ਤਕਨੀਕ ਦੇ ਰੱਖਿਆ ਉਪਕਰਨ, ਪਣਡੁੱਬੀਆਂ ਅਤੇ ਹੋਰ ਸਾਮਾਨ ਦਰਾਮਦ ਕੀਤਾ ਜਾ ਰਿਹਾ ਹੈ, ਜਿਸ ਨਾਲ ਆਏ ਦਿਨ ਹਾਦਸੇ ਹੋ ਰਹੇ ਹਨ ਅਤੇ ਜਵਾਨਾਂ ਦੀ ਜਾਨ ਜਾ ਰਹੀ ਹੈ। ਸਾਡੇ ਦੇਸ਼ ਵਿਚ 39 ਆਰਡੀਨੈਂਸ ਫੈਕਟਰੀਆਂ ਹਨ, ਜਿਨ੍ਹਾਂ ਵਿਚ ਕਰੀਬ ਢਾਈ ਲੱਖ ਲੋਕ ਕੰਮ ਕਰਦੇ ਹਨ। ਇਸ ਤੋਂ ਇਲਾਵਾ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੇ 51 ਕੇਂਦਰ ਹਨ। ਇਸ ਦੇ ਬਾਵਜੂਦ ਸਾਡੇ ਇਥੇ ਏਕੇ 47 ਦੀ ਗੋਲੀ ਤਕ ਨਹੀਂ ਬਣਦੀ। ਭਾਰਤ ਦੁਨੀਆਂ 'ਚ ਸਭ ਤੋਂ ਵੱਧ ਰੱਖਿਆ ਸਮੱਗਰੀ ਖ਼ਰੀਦਣ ਵਾਲੇ ਮੁਲਕਾਂ 'ਚੋਂ ਹੈ ਪਰ ਅਸੀਂ ਗਈ-ਗੁਜ਼ਰੀ ਤਕਨੀਕ ਦੇ ਹਥਿਆਰ, ਗੋਲਾ-ਬਾਰੂਦ ਤੇ ਹੋਰ ਸਾਮਾਨ ਖ਼ਰੀਦ ਰਹੇ ਹਾਂ। ਗਰਗ ਨੇ ਸਿੰਧੂ ਰਕਸ਼ਕ ਪਣਡੁੱਬੀ ਹਾਦਸਾ, ਆਈਐਨਐਸ ਕੋਣਾਰਕ ਵਰਗੇ ਹਾਦਸਿਆਂ ਦੀ ਉਦਾਹਰਣ ਦਿੱਤੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪਣਡੁੱਬੀਆਂ ਹੀ ਨਹੀਂ ਸਾਡੇ ਲੜਾਕੂ ਜਹਾਜ਼ ਵੀ 19ਵੀਂ ਸਦੀ ਦੇ ਹਨ। ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸਰਕਾਰ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਪੁਰਾਣੇ ਅਤੇ ਗਈ-ਗੁਜ਼ਰੀ ਤਕਨੀਕ ਦੇ ਲੜਾਕੂ ਜਹਾਜ਼, ਪਣਡੁੱਬੀਆਂ ਤੇ ਹੋਰ ਫ਼ੌਜੀ ਉਪਕਰਨ ਹਟਾਏ ਤਾਂ ਕਿ ਫ਼ੌਜੀਆਂ ਦੀ ਜਾਨ ਬਚੇ। ਇਸ ਤੋਂ ਇਲਾਵਾ ਰੱਖਿਆ ਉਪਕਰਨ ਖ਼ਰੀਦਣ ਲਈ ਸਪਸ਼ਟ, ਪਾਰਦਰਸ਼ੀ ਅਤੇ ਅੜਿੱਕਾ ਰਹਿਤ ਨੀਤੀ ਬਣਾਈ ਜਾਵੇ।