ਕਾਰਵਾਈ

- ਹੈੱਡ ਬੁਕਿੰਗ ਕਲਰਕ ਦੇ ਕਾਊਂਟਰ ਤੋਂ ਮਿਲੇ ਸਨ ਚਾਰ ਸੌ ਰੁਪਏ ਵੱਧ

- ਯਾਤਰੀਆਂ ਤੋਂ ਵੱਧ ਰੁਪਏ ਵਸੂਲਣ 'ਤੇ ਲੁਧਿਆਣਾ ਦੀਆਂ ਤਿੰਨ ਜੇਟੀਬੀਐੱਸ ਬੰਦ

ਜੇਐੱਨਐੱਨ, ਫਿਰੋਜ਼ਪੁਰ : ਕੈਟਰਿੰਗ ਸਟਾਲਾਂ 'ਤੇ ਅੱਗ ਬੁਝਾਊ ਯੰਤਰ ਨਾ ਹੋਣ ਦੀ ਸ਼ਿਕਾਇਤ ਮਿਲਣ 'ਤੇ ਐਤਵਾਰ ਨੂੰ ਟੀਮ ਨਾਲ ਫਿਰੋਜ਼ਪੁਰ ਰੇਲਵੇ ਮੰਡਲ ਦੇ ਸੀਨੀਅਰ ਡੀਸੀਐੱਮ ਮੋਨੂ ਲੂਥਰਾ ਨੇ ਲੁਧਿਆਣਾ ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ਦਾ ਅਚਾਨਕ ਨਿਰੀਖਣ ਕੀਤਾ। ਲੁਧਿਆਣਾ ਰੇਲਵੇ ਸਟੇਸ਼ਨ ਦੇ ਬੁਕਿੰਗ ਕਾਊਂਟਰ ਦਾ ਨਿਰੀਖਣ ਕੀਤਾ ਗਿਆ ਤਾਂ ਹੈੱਡ ਬੁਕਿੰਗ ਕਲਰਕ ਕੋਲੋਂ 400 ਰੁਪਏ ਵੱਧ ਮਿਲੇ। ਇਸ 'ਤੇ ਉਨ੍ਹਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਕੋਲ ਸਥਿਤ ਜਨਰਲ ਟਿਕਟ ਬੁਕਿੰਗ ਸਰਵਿਸ (ਜੇਟੀਬੀਐੱਸ) ਤੋਂ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਟਿਕਟਾਂ 'ਤੇ ਪ੍ਰਤੀ ਟਿਕਟ 20 ਰੁਪਏ ਵਾਧੂ ਲਏ ਜਾਣ ਦੀ ਸ਼ਿਕਾਇਤ 'ਤੇ ਸੀਨੀਅਰ ਡੀਸੀਐੱਮ ਨੇ ਤਿੰਨ ਮਸ਼ੀਨਾਂ ਨੂੰ ਬੰਦ ਕਰਵਾ ਦਿੱਤਾ। ਇਨ੍ਹਾਂ ਵਿਚ ਜੇਟੀਬੀਐੱਸ ਨੰ. 81 ਸੰਚਾਲਕ ਪੂਜਾ ਘਈ ਤੇ 83 ਤੇ 79 ਦੇ ਸੰਚਾਲਕ ਪ੍ਰਕਾਸ਼ ਕੁਮਾਰ ਦੇ ਨਾਂ 'ਤੇ ਅਲਾਟ ਹਨ।

ਫਿਰੋਜ਼ਪੁਰ ਰੇਲਵੇ ਦੇ ਪੀਆਰਆਈ ਵਿਕ੍ਰਾਂਤ ਨੇ ਦੱਸਿਆ ਕਿ ਇਸ ਤੋਂ ਬਾਅਦ ਲੁਧਿਆਣਾ ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਘੁੰਮ ਰਹੇ ਨਾਜਾਇਜ਼ ਵੈਂਡਰਾਂ ਵਿਰੁੱਧ ਮੁਹਿੰਮ ਚਲਾ ਕੇ 30 ਵੈਂਡਰਾਂ ਨੂੰ ਫੜਿਆ ਗਿਆ। ਇਨ੍ਹਾਂ 'ਤੇ 11520 ਰੁਪਏ ਦਾ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਹਿਮਦਾਬਾਦ ਤੋਂ ਜੰਮੂਤਵੀ ਜਾ ਰਹੀ 19223 ਰੇਲ ਗੱਡੀ ਦੇ ਸਲੀਪਰ ਕੋਚਾਂ ਨੂੰ ਜਲੰਧਰ ਸਿਟੀ ਤੋਂ ਟਾਂਡਾ ਉੜਮੁੜ ਵਿਚਕਾਰ ਚੈੱਕ ਕੀਤਾ ਗਿਆ। ਜਾਂਚ ਵਿਚ 12 ਯਾਤਰੀਆਂ ਨੂੰ ਬਿਨਾਂ ਟਿਕਟ ਫੜਿਆ ਗਿਆ। ਫੜੇ ਗਏ ਲੋਕਾਂ ਤੋਂ ਪੰਜ ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ।