ਨਵੀਂ ਦਿੱਲੀ : ਆਈਪੀਐਲ ਸਪਾਟ ਫਿਕਸਿੰਗ ਮਾਮਲੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਚੇਅਰਮੈਨ ਐਨ ਸ਼੍ਰੀਨਿਵਾਸਨ ਨੂੰ ਸੁਪਰੀਮ ਕੋਰਟ ਨੇ ਤਗੜਾ ਝਟਕਾ ਦਿੱਤਾ ਹੈ। ਮੰਗਲਵਾਰ ਨੂੰ ਸ੍ਰੀਨਿਵਾਸਨ 'ਤੇ ਵਰ੍ਹਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਪਾਟ ਫਿਕਸਿੰਗ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਲਈ ਉਨ੍ਹਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਅਤੇ ਅਜਿਹਾ ਨਹੀਂ ਕਰਨ 'ਤੇ ਉਸਨੂੰ ਫੈਸਲਾ ਕਰਨਾ ਪਵੇਗਾ। ਸਿਖਰਲੀ ਅਦਾਲਤ ਨੇ ਕਿਹਾ ਕਿ ਜੇਕਰ ਕ੍ਰਿਕਟ ਦੀ ਗੰਦਗੀ ਨੂੰ ਸਾਫ਼ ਕਰਨਾ ਹੈ ਤਾਂ ਸ੍ਰੀਨਿਵਾਸਨ ਦਾ ਅਸਤੀਫ਼ਾ ਦੇਣ ਜ਼ਰੂਰੀ ਹੈ। ਸਪਾਟ ਫਿਕਸਿੰਗ ਮਾਮਲੇ ਦੀ ਜਾਂਚ ਕਰਨ ਵਾਲੀ ਕਮੇਟੀ ਵੱਲੋਂ ਸੀਲਬੰਦ ਲਿਫਾਫੇ 'ਚ ਦਿੱਤੀ ਗਈ ਰਿਪੋਰਟ ਪੜ੍ਹਨ ਮਗਰੋਂ ਜਸਟਿਸ ਏਕੇ ਪਟਨਾਇਕ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਰਿਪੋਰਟ 'ਚ ਕਾਫ਼ੀ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਬੀਸੀਸੀਆਈ ਚੇਅਰਮੈਨ ਜਦੋਂ ਤਕ ਅਹੁਦਾ ਨਹੀਂ ਛੱਡਦੇ, ਨਿਰਪੱਖ ਜਾਂਚ ਨਹੀਂ ਹੋ ਸਕਦੀ। ਬੈਂਚ ਨੇ ਕਿਹਾ 'ਸਾਡੀ ਰਾਏ 'ਚ ਮਾਮਲੇ ਦੀ ਸਹੀ ਜਾਂਚ ਲਈ ਸ਼੍ਰੀਨਿਵਾਸਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਅਸੀਂ ਲੋਕਾਂ ਦੀ ਸਾਖ਼ ਨੂੰ ਸੱਟ ਨਹੀਂ ਮਾਰਣਾ ਚਾਹੁੰਦੇ, ਪਰ ਜਦੋਂ ਤਕ ਬੀਸੀਸੀਆਈ ਮੁਖੀ ਅਸਤੀਫ਼ਾ ਨਹੀਂ ਦਿੰਦੇ, ਨਿਰਪੱਖ ਜਾਂਚ ਨਹੀਂ ਹੋ ਸਕਦੀ।' ਬੈਂਚ ਨੇ ਕਿਹਾ ਕਿ ਉਹ ਕੁਰਸੀ ਨਾਲ ਚਿਪਕੇ ਹੋਏ ਕਿਉਂ ਹਨ। ਇਹ ਅਜੀਬ ਜਿਹਾ ਹੈ। ਜੇਕਰ ਉਹ ਅਹੁਦਾ ਨਹੀਂ ਛੱਡਦੇ ਤਾਂ ਅਸੀਂ ਫੈਸਲਾ ਸੁਣਾ ਦੇਵਾਂਗੇ। ਬੈਂਚ ਨੇ ਕਿਹਾ ਕਿ ਰਿਪੋਰਟ ਦਾ ਖ਼ੁਲਾਸਾ ਖੁੱਲੀ ਅਦਾਲਤ 'ਚ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਬੀਸੀਸੀਆਈ ਦੇ ਵਕੀਲ ਨੂੰ ਇਸਦੇ ਕੁਝ ਪੈਰਾਗ੍ਰਾਫ ਪੜ੍ਹਨ ਦੀ ਇਜਾਜ਼ਤ ਦਿੱਤੀ। ਬੈਂਚ ਨੇ ਕਿਹਾ ਕਿ ਦੋਸ਼ਾਂ ਦੀ ਗੰਭੀਰਤਾ ਜਾਣਨ ਲਈ ਰਿਪੋਰਟ ਪੜ੍ਹੋ ਪਰ ਸ਼੍ਰੀਨਿਵਾਸਨ ਜਾਂ ਬੀਸੀਸੀਆਈ ਦੇ ਵਕੀਲ ਦੇ ਰੂਪ 'ਚ ਨਹੀਂ। ਇਸਨੇ ਕਿਹਾ ਕਿ ਰਿਪੋਰਟ ਦਾ ਸਾਰ ਅਜਿਹਾ ਹੈ ਕਿ ਦੋਸ਼ਾਂ ਦੀ ਜਾਂਚ ਜ਼ਰੂਰੀ ਹੈ। ਬੈਂਚ ਨੇ ਬੀਸੀਸੀਆਈ ਦੇ ਵਕੀਲ ਨੂੰ ਹੁਕਮਾਂ 'ਤੇ ਅਮਲ ਲਈ ਕਿਹਾ। ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ ਨੂੰ ਹੋਵੇਗੀ। ਸੁਣਵਾਈ ਦੌਰਾਨ ਬੀਸੀਸੀਆਈ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਰਿਪੋਰਟ 'ਚ ਸ਼ਾਮਲ ਖਿਡਾਰੀਆਂ ਦੇ ਨਾਂਵਾਂ ਦਾ ਖੁਲਾਸਾ ਨਾ ਕੀਤਾ ਜਾਵੇ। ਪੰਜਾਬ ਅਤੇ ਹ ਰਿਆਣਾ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਮੁਕੁਲ ਮਦਲ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਕਿਹਾ ਸੀ ਕਿ ਸ਼੍ਰੀਨਿਵਾਸਨ ਦੇ ਜਵਾਈ ਗੁਰੂਨਾਥ ਮਈਅੱਪਨ ਦੀ ਚੇਨੰਈ ਸੁਪਰ ਕਿੰਗਜ਼ ਟੀਮ ਅਧਿਕਾਰੀ ਦੇ ਰੂਪ 'ਚ ਅਤੇ ਆਈਪੀਐਲ ਮੈਚਾਂ ਦੌਰਾਨ ਸੱਟੇਬਾਜ਼ੀ 'ਚ ਉਸਦੀ ਭੂਮਿਕਾ ਸਾਬਿਤ ਹੋ ਚੁੱਕੀ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਸੀ ਕਿ ਮਈਅੱਪਨ ਦੇ ਖਿਲਾਫ਼ ਮੈਚ ਫਿਕਸਿੰਗ ਦੇ ਦੋਸ਼ਾਂ ਦੀ ਹੋਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੀਐਸਕੇ ਦੇ ਮਾਲਿਕ ਇੰਡੀਆ ਸੀਮੇਂਟਸ ਦੇ ਮੁਖੀ ਸ਼੍ਰੀਨਿਵਾਸਨ ਖਿਲਾਫ਼ ਹਿੱਤਾਂ ਦੇ ਟਕਰਾਅ ਦੇ ਮਾਮਲੇ 'ਤੇ ਫ਼ੈਸਲਾ ਸੁਪਰੀਮ ਕੋਰਟ 'ਤੇ ਛੱਡ ਦਿੱਤਾ ਸੀ। ਕਮੇਟੀ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਸੀਐਸਕੇ ਟੀਮ ਅਧਿਕਾਰੀ ਦੇ ਰੂਪ 'ਚ ਗੁਰੂਨਾਥ ਮਈਅੱਪਨ ਦੀ ਭੂਮਿਕਾ ਸਾਬਿਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸੱਟੇਬਾਜ਼ੀ ਅਤੇ ਸੂਚਨਾਵਾਂ ਲੀਕ ਹੋਣ ਕਰਨ ਦੇ ਦੋਸ਼ ਵੀ ਸਹੀ ਪਾਏ ਗਏ ਹਨ ਪਰ ਫਿਕਸਿੰਗ ਦੇ ਦੋਸ਼ਾਂ ਦੀ ਹੋਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕਮੇਟੀ 'ਚ ਐਡੀਸ਼ਨਲ ਸਾਲੀਸੀਟਰ ਜਨਰਲ ਐਨ ਨਾਗੇਸ਼ਵਰ ਰਾਓ ਅਤੇ ਆਸਾਮ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰ ਨਿਲੇਅ ਦੱਤਾ ਸ਼ਾਮਲ ਸਨ। ਮੌਜੂਦਾ ਟੀਮ ਦਾ ਖਿਡਾਰੀ ਵੀ ਸ਼ਾਮਲ : ਸੌ ਸਿਫ਼ਆਂ ਦੀ ਰਿਪੋਰਟ 'ਚ ਭਾਰਤ ਦੇ ਛੇ ਖਿਡਾਰੀਆਂ ਦੇ ਫਿਕਸਿੰਗ 'ਚ ਸ਼ਾਮਲ ਹੋਣ ਦਾ ਸ਼ੱਕ, ਰਾਜਸਥਾਨ ਰਾਇਲਜ਼ ਦੇ ਮਾਲਿਕਾਂ ਦੇ ਖਿਲਾਫ਼ ਸੱਟੇਬਾਜ਼ੀ ਦੇ ਦੋਸ਼ ਅਤੇ ਖਿਡਾਰੀਆਂ ਨੂੰ ਅਨੁਸ਼ਾਸਿਤ ਕਰਨ ਦੇ ਮਸਲਿਆਂ ਦਾ ਵੀ ਜ਼ਿਕਰ ਹੈ। ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ 'ਚ ਭਾਰਤ ਦੇ ਛੇ ਖਿਡਾਰੀਆਂ ਦਾ ਵੀ ਨਾਂ ਲਿਆ ਜਿਸ ਵਿਚੋਂ ਇਕ ਮੌਜੂਦਾ ਟੀਮ 'ਚ ਹੈ।

ਬੀਸੀਸੀਆਈ ਨੇ ਛੱਡਿਆ ਸ਼੍ਰੀਨਿਵਾਸਨ ਦਾ ਸਾਥ

ਨਵੀਂ ਦਿੱਲੀ : ਐਨ ਸ਼੍ਰੀਨਿਵਾਸਨ 'ਤੇ ਬੀਸੀਸੀਆਈ ਪ੍ਰਧਾਨ ਦਾ ਅਹੁੱਦਾ ਛੱਡਣ ਲਈ ਦਬਾਅ ਵਧ ਗਿਆ ਹੈ। ਬੀਸੀਸੀਆਈ ਦੇ ਤਿੰਨ ਉਪ ਪ੍ਰਧਾਨਾਂ, ਸਾਬਕਾ ਕ੍ਰਿਕਟਰਾਂ ਤੇ ਪ੍ਰਸ਼ਾਸਕਾਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਸੁਪਰੀਮ ਕੋਰਟ ਦੀ ਇਸ ਸਲਾਹ ਦਾ ਸਨਮਾਨ ਕਰਨ ਲਈ ਕਿਹਾ ਕਿ ਆਈਪੀਐਲ ਫਿਕਸਿੰਗ ਮਾਮਲੇ ਦੀ ਸੁਤੰਤਰ ਤੇ ਨਿਰਪੱਖ ਜਾਂਚ ਲਈ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸ਼੍ਰੀਨਿਵਾਸਨ ਉਸ ਸਮੇਂ ਤੋਂ ਹੀ ਵੱਖਰੇ ਪੈ ਗਏ ਜਦੋਂ ਬੋਰਡ ਦੇ ਪੰਜ 'ਚੋਂ ਤਿੰਨ ਉਪ ਪ੍ਰਧਾਨਾਂ ਸ਼ਿਵਲਾਲ ਯਾਦਵ, ਰਵੀ ਸਾਵੰਤ ਤੇ ਚਿਤਰਕ ਮਿੱਤਰਾ ਨੇ ਉਨ੍ਹਾਂ ਨੂੰ ਅਹੁਦਾ ਛੱਡਣ ਦੀ ਸਲਾਹ ਦਿੱਤੀ। ਸਾਬਕਾ ਕ੍ਰਿਕਟਰ ਮੋਹਿੰਦਰ ਅਮਰਨਾਥ, ਬਿਸ਼ਨ ਸਿੰਘ ਬੇਦੀ ਤੇ ਰਾਜਸਥਾਨ ਕ੍ਰਿਕੇਟ ਸੰਘ ਦੇ ਪ੍ਰਧਾਨ ਕਿਸ਼ੋਰ ਰੂੰਗਟਾ ਨੇ ਕਿਹਾ ਸ਼੍ਰੀਨਿਵਾਸਨ ਨੂੰ ਹੁਣ ਅਹੁੱਦਾ ਛੱਡ ਦੇਣਾ ਚਾਹੀਦਾ ਹੈ। ਬੀਸੀਸੀਆਈ ਉਪ ਪ੍ਰਧਾਨ ਸ਼ਿਵਲਾਲ ਯਾਦਵ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਨੇ ਇਹ ਹੁਕਮ ਦੇ ਦਿੱਤਾ ਹੈ ਕਿ ਓਹ ਇਸ ਨੂੰ ਕੋਈ ਚੁਣੌਤੀ ਨਹੀਂ ਸਕਦਾ। ਸਾਨੂੰ ਇਸਦਾ ਸਨਮਾਨ ਕਰਨ ਹੋਵੇਗਾ। ਕਿਉਂਕਿ ਅਦਾਲਤ ਨੇ ਫ਼ੈਸਲਾ ਦਿੱਤਾ ਹੈ ਤਾਂ ਇਸਦਾ ਵਿਰੋਧ ਕਰਨ ਜਾਂ ਇਸ 'ਤੇ ਰਾਏ ਦੇਣ ਦਾ ਸਵਾਲ ਹੀ ਨਹੀਂ ਉੱਠਦਾ। ਬੀਸੀਸੀਆਈ ਇਸ 'ਤੇ ਅਮਲ ਕਰੇਗੀ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਅਹੁਦਾ ਸੰਭਾਲਣ ਨੂੰ ਤਿਆਰ ਹਨ, ਉਨ੍ਹਾਂ ਕਿਹਾ ਕਿ ਬਿਲਕੁਲ, ਮੈਂ ਕਿਸੇ ਵੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਹਾਂ।