ਜੇਐੱਨਐੱਨ, ਜਲੰਧਰ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਆਖ਼ਰਕਾਰ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲ ਪੇਸ਼ ਹੋਏ। ਆਪਣੇ ਵਕੀਲ ਜਸਵੀਰ ਸ਼ੇਰਗਿਲ ਤੇ ਕਾਂਗਰਸੀ ਨੇਤਾਵਾਂ ਦੀ 'ਫੌਜ' ਨਾਲ ਰਣਇੰਦਰ ਸਿੰਘ ਦੁਪਹਿਰ ਲਗਪਗ 3 ਵਜੇ ਈਡੀ ਦਫਤਰ ਪਹੁੰਚੇ। ਇੱਥੇ ਅਸਿਸਟੈਂਟ ਡਾਇਰੈਕਟਰ ਅਜਾਯ ਸਿੰਘ ਤੇ ਦੋ ਈਡੀ ਅਫਸਰਾਂ ਨੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਰਣਇੰਦਰ ਸਿੰਘ ਨੂੰ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਸੰਮਨ ਭੇਜ ਕੇ ਬੁਲਾਇਆ ਗਿਆ ਸੀ। ਰਣਇੰਦਰ ਸਿੰਘ ਤੋਂ ਯੂਕੇ ਦੇ ਜਾਕਾਰੰਦਾ ਟਰੱਸਟ ਵਿਚ ਭਾਈਵਾਲੀ, ਵਿਦੇਸ਼ੀ ਬੈਂਕ ਖਾਤਿਆਂ ਤੇ ਵਿਦੇਸ਼ਾਂ ਤੋਂ ਹੋਏ ਲੈਣ-ਦੇਣ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ। ਰਣਇੰਦਰ ਸਿੰਘ ਨੂੰ ਆਮਦਨ ਟੈਕਸ ਰਿਟਰਨ ਸਮੇਤ ਵਿਦੇਸ਼ੀ ਲੈਣ-ਦੇਣ ਨਾਲ ਸਬੰਧਤ ਰਿਕਾਰਡ ਵੀ ਨਾਲ ਲਿਆਉਣ ਲਈ ਕਿਹਾ ਗਿਆ ਸੀ, ਜਿਸ ਨੂੰ ਰਣਇੰਦਰ ਸਿੰਘ ਨੇ ਈਡੀ ਅਧਿਕਾਰੀਆਂ ਕੋਲ ਸੌਂਪ ਦਿੱਤਾ। ਰਿਕਾਰਡ ਦੀ ਪੜਤਾਲ ਕਰਨ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਕੁਝ ਸਵਾਲ ਵੀ ਪੱੁਛੇ। ਰਣਇੰਦਰ ਸਿੰਘ ਨੂੰ ਲੋੜ ਪੈਣ 'ਤੇ ਫਿਰ ਤੋਂ ਬੁਲਾਉਣ ਦੀ ਗੱਲ ਕਹੀ ਗਈ ਹੈ।

ਬਿ੍ਰਟੇਨ ਦੇ ਜਾਕਾਰੰਦਾ ਟਰੱਸਟ ਵਿਚ ਭਾਈਵਾਲੇ ਤੇ ਵਿਦੇਸ਼ੀ ਬੈਂਕ ਖਾਤਿਆਂ ਨੂੰ ਲੈ ਕੇ ਰਣਇੰਦਰ ਖ਼ਿਲਾਫ਼ ਆਮਦਨ ਕਰ ਵਿਭਾਗ ਨੇ ਲੁਧਿਆਣਾ ਦੀ ਸੈਸ਼ਨ ਅਦਾਲਤ ਵਿਚ ਕੇਸ ਵੀ ਦਾਇਰ ਕੀਤਾ ਹੋਇਆ ਹੈ, ਜਿਸ ਦੀ ਸੁਣਵਾਈ 26 ਜੁਲਾਈ ਨੂੰ ਹੋਣੀ ਹੈ। ਰਣਇੰਦਰ 'ਤੇ ਆਮਦਨ ਕਰ ਵਿਭਾਗ ਨੇ ਗਲਤ ਸੂਚਨਾ ਤੇ ਸਹੁੰ ਪੱਤਰ ਦੇਣ ਦਾ ਕੇਸ ਦਾਇਰ ਕੀਤਾ ਹੈ। ਆਮਦਨ ਕਰ ਵਿਭਾਗ ਦੀ ਕਾਰਵਾਈ ਤੋਂ ਬਾਅਦ ਈਡੀ ਨੇ ਵੀ ਫੇਮਾ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਣਇੰਦਰ ਸਿੰਘ ਨੇ ਵਿਦੇਸ਼ੀ ਕੰਪਨੀ ਵਿਚ ਭਾਈਵਾਲੀ ਜਾਂ ਵਿਦੇਸ਼ੀ ਬੈਂਕ ਖਾਤਿਆਂ ਦੀ ਜਾਣਕਾਰੀ ਤੋਂ ਆਮਦਨ ਕਰ ਰਿਟਰਨ ਵਿਚ ਇਨਕਾਰ ਕੀਤਾ ਸੀ ਪ੍ਰੰਤੂ ਬਾਅਦ ਵਿਚ ਆਮਦਨ ਕਰ ਵਿਭਾਗ ਨੂੰ ਆਪਣੇ ਸੂਤਰਾਂ ਤੋਂ ਜਾਣਕਾਰੀ ਮਿਲੀ, ਜਿਸ ਵਿਚ ਪਤਾ ਚੱਲਿਆ ਕਿ ਨਾ ਸਿਰਫ ਰਣਇੰਦਰ ਦੀ ਵਿਦੇਸ਼ੀ ਟਰੱਸਟ ਵਿਚ ਭਾਈਵਾਲੀ ਹੈ ਬਲਕਿ ਵਿਦੇਸ਼ੀ ਵਿਚ ਬੈਂਕ ਖਾਤੇ ਵੀ ਹਨ। ਈਡੀ ਨੇ ਵੀ ਫੇਮਾ ਤਹਿਤ ਇਸ ਕੇਸ ਦੀ ਜਾਂਚ ਸ਼ੁਰੂ ਕਰਦੇ ਹੋਏ ਪਹਿਲਾਂ 16 ਜੂਨ ਨੂੰ ਪੇਸ਼ ਹੋਣ ਲਈ ਕਿਹਾ, ਜਿਸ 'ਤੇ ਰਣਇੰਦਰ ਨੇ ਤਬੀਅਤ ਖਰਾਬ ਹੋਣ ਦੀ ਸੂਚਨਾ ਭੇਜ ਕੇ ਪੇਸ਼ੀ ਤੋਂ ਛੋਟ ਮੰਗੀ। ਇਸ ਤੋਂ ਬਾਅਦ ਈਡੀ ਨੇ 14 ਜੁਲਾਈ ਨੂੰ ਰਣਇੰਦਰ ਨੂੰ ਬੁਲਾਇਆ, ਜਿਸ 'ਤੇ ਉਨ੍ਹਾਂ ਨੇ ਰੀਓ ਓਲੰਪਿਕ ਦੀਆਂ ਤਿਆਰੀਆਂ ਦਾ ਹਵਾਲਾ ਦਿੰਦੇ ਹੋਏ ਖੁਦ ਨੂੰ ਰੁੱਝੇ ਹੋਏ ਦੱਸਿਆ। ਤੀਸਰੀ ਵਾਰ ਸੰਮਨ ਜਾਰੀ ਕਰਕੇ ਈਡੀ ਨੇ 21 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ, ਜਿਸ 'ਤੇ ਰਣਇੰਦਰ ਪੇਸ਼ ਹੋਏ।

ਈਡੀ ਕੋਲ ਪੇਸ਼ ਹੋਣ ਤੋਂ ਪਹਿਲਾਂ ਹੋਟਲ ਰੈਡੀਸਨ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਣਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਆਰਥਿਕ ਤੌਰ 'ਤੇ ਬਦਹਾਲੀ 'ਤੇ ਆ ਗਿਆ ਹੈ। ਲੋਕ ਪਰੇਸ਼ਾਨ ਹਨ। ਲੋਕ ਖੁਸ਼ਹਾਲੀ ਚਾਹੁੰਦੇ ਹਨ। ਇਸ ਲਈ ਉਹ ਆਮ ਆਦਮੀ ਪਾਰਟੀ 'ਤੇ ਦਾਅ ਨਹੀਂ ਲਗਾਉਣਗੇ। ਇਸ ਲਈ ਲੋਕ ਕਾਂਗਰਸ ਨੂੰ ਸੱਤਾ 'ਚ ਲਿਆਉਣਗੇ।