ਜੇਐੱਨਐੱਨ, ਜਲੰਧਰ : ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਵੀਰਵਾਰ ਨੂੰ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਤਬੀਅਤ ਖ਼ਰਾਬ ਹੋਣ ਦੀ ਅਰਜ਼ੀ ਦੇ ਕੇ ਮੈਡੀਕਲ ਗਰਾਊਂਡ 'ਤੇ ਪੇਸ਼ੀ ਤੋਂ ਛੋਟ ਮੰਗ ਲਈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੁਝ ਦਿਨਾਂ ਵਿਚ ਮੁੜ ਸੰਮਨ ਜਾਰੀ ਕਰਕੇ ਉਨ੍ਹਾਂ ਨੂੰ ਪੇਸ਼ ਹੋਣ ਲਈ ਆਖੇਗਾ।

ਵੀਰਵਾਰ ਸਵੇਰੇ ਰਣਇੰਦਰ ਸਿੰਘ ਦੇ ਆਉਣ ਦੀ ਪੂਰੀ ਸੰਭਾਵਨਾ ਸੀ, ਜਿਸ ਕਾਰਨ ਮੀਡੀਆ ਵੀ ਈਡੀ ਦਫ਼ਤਰ ਦੇ ਬਾਹਰ ਤਾਇਨਾਤ ਰਿਹਾ। ਦੁਪਹਿਰ ਤਕਰੀਬਨ 12 ਵਜੇ ਸਥਿਤੀ ਸਪੱਸ਼ਟ ਹੋਈ ਕਿ ਰਣਇੰਦਰ ਅੱਜ ਨਹੀਂ ਆ ਰਿਹਾ। ਈਡੀ ਦੇ ਅਸਿਸਟੈਂਟ ਡਾਇਰੈਕਟਰ ਅਜੋਏ ਸਿੰਘ ਨੇ ਉਸ ਨੂੰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ। ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਉਸ ਤੋਂ ਪੁੱਛਗਿੱਛ ਹੋਣੀ ਹੈ। ਰਣਇੰਦਰ ਸਿੰਘ ਤੋਂ ਯੂਕੇ ਦੇ ਜਾਕਾਰੰਦਾ ਟਰੱਸਟ ਮਾਮਲੇ ਨੂੰ ਲੈ ਕੇ ਈਡੀ ਪੁੱਛਗਿੱਛ ਕਰਨ ਜਾ ਰਿਹਾ ਹੈ, ਜਿਸ ਵਿਚ ਰਣਇੰਦਰ ਦੀ ਹਿੱਸੇਦਾਰੀ ਦੀ ਈਡੀ ਕੋਲ ਸੂਚਨਾ ਹੈ। ਇਸ ਹਿੱਸੇਦਾਰੀ ਨੂੰ ਲੈ ਕੇ ਆਮਦਨ ਟੈਕਸ ਵਿਭਾਗ ਪਹਿਲਾਂ ਹੀ ਰਣਇੰਦਰ ਖ਼ਿਲਾਫ਼ ਲੁਧਿਆਣਾ ਦੀ ਸੈਸ਼ਨ ਅਦਾਲਤ ਵਿਚ ਮਾਮਲਾ ਦਾਇਰ ਕਰ ਚੁੱਕਾ ਹੈ, ਜਿਸ ਵਿਚ ਰਣਇੰਦਰ ਨੂੰ 26 ਜੁਲਾਈ 2016 ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਆਮਦਨ ਟੈਕਸ ਵਿਭਾਗ ਨੇ ਸਾਲਾਨਾ ਰਿਟਰਨ ਵਿਚ ਵਿਦੇਸ਼ੀ ਬੈਂਕ ਖਾਤਿਆਂ ਦੀ ਗਲਤ ਜਾਣਕਾਰੀ ਨੂੰ ਲੈ ਕੇ ਵੀ ਸ਼ਿਕਾਇਤ ਦਰਜ ਕੀਤੀ ਸੀ, ਕਿਉਂਕਿ ਰਣਇੰਦਰ ਨੇ ਰਿਟਰਨ ਵਿਚ ਵਿਦੇਸ਼ੀ ਖਾਤਿਆਂ ਨਾਲ ਸਬੰਧਤ ਜਾਣਕਾਰੀ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿਚ ਆਮਦਨ ਟੈਕਸ ਵਿਭਾਗ ਦੇ ਹੱਥ ਅਜਿਹੀ ਸੂਚਨਾ ਲੱਗੀ ਕਿ ਰਣਇੰਦਰ ਦੇ ਵਿਦੇਸ਼ ਵਿਚ ਬੈਂਕ ਖਾਤੇ ਵੀ ਹਨ। ਇਸ ਤੋਂ ਇਲਾਵਾ ਸਵਿਸ ਬੈਂਕ ਵੀ ਖਾਤੇ ਬਾਰੇ ਸੂਚਨਾ ਮਿਲੀ ਹੈ। ਇਸੇ ਆਧਾਰ 'ਤੇ ਆਮਦਨ ਟੈਕਸ ਵਿਭਾਗ ਨੇ ਲੁਧਿਆਣਾ ਕੋਰਟ ਵਿਚ ਰਣਇੰਦਰ ਖ਼ਿਲਾਫ਼ ਮਾਮਲਾ ਦਰਜ ਕੀਤਾ।