- ਯੂਕੇ ਦੇ ਜਾਕਾਰੰਦਾ ਟਰੱਸਟ 'ਚ ਭਾਈਵਾਲੀ ਤੇ ਫਾਰੇਨ ਐਕਸਚੇਂਜ ਮੈਨਜੇਮੈਂਟ ਐਕਟ ਤਹਿਤ ਹੋਵੇਗੀ ਪੁੱਛਗਿੱਛ

ਜੇਐੱਨਐੱਨ, ਜਲੰਧਰ : ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੰਮਨ ਜਾਰੀ ਕਰਕੇ 16 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਈਡੀ ਦੇ ਅਸਿਸਟੈਂਟ ਡਾਇਰੈਕਟਰ ਅਜਾਏ ਸਿੰਘ ਨੇ ਇਹ ਸੰਮਨ ਜਾਰੀ ਕੀਤੇ ਹਨ। ਰਣਇੰਦਰ ਸਿੰਘ ਤੋਂ ਯੂਕੇ ਦੇ ਜਾਕਾਰੰਦਾ ਟਰੱਸਟ ਕੇਸ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਟਰੱਸਟ ਵਿਚ ਰਣਇੰਦਰ ਸਿੰਘ ਦੀ ਭਾਈਵਾਲੀ ਦਾ ਦੋਸ਼ ਹੈ, ਜਦਕਿ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਵਿਦੇਸ਼ੀ ਲੈਣ-ਦੇਣ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਬਿ੍ਰਟੇਨ ਵਿਚ ਇਸ ਟਰੱਸਟ ਵਿਚ ਰਣਇੰਦਰ ਸਿੰਘ ਦੀ ਭਾਈਵਾਲੀ ਨੂੰ ਲੈ ਕੇ ਆਮਦਨ ਕਰ ਵਿਭਾਗ ਨੇ ਲੁਧਿਆਣਾ ਅਦਾਲਤ ਵਿਚ ਰਣਇੰਦਰ ਸਿੰਘ ਖ਼ਿਲਾਫ਼ ਕੇਸ ਦਾਇਰ ਕੀਤਾ ਸੀ, ਜਿਸ ਵਿਚ ਰਣਇੰਦਰ ਸਿੰਘ ਨੂੰ ਅਦਾਲਤ ਨੇ 26 ਜੁਲਾਈ, 2016 ਲਈ ਸੰਮਨ ਜਾਰੀ ਕੀਤਾ ਹੈ। ਉੱਥੇ ਈਡੀ ਨੇ ਵੀ ਇਸ ਕੇਸ ਦੀ ਜਾਂਚ ਸ਼ੁਰੂ ਕਰਦੇ ਹੋਏ 16 ਜੂਨ ਨੂੰ ਰਣਇੰਦਰ ਸਿੰਘ ਨੂੰ ਬੁਲਾਇਆ ਹੈ। ਆਮਦਨ ਕਰ ਵਿਭਾਗ ਨੇ ਸਾਲਾਨਾ ਰਿਟਰਨ ਵਿਚ ਵਿਦੇਸ਼ੀ ਖਾਤਿਆਂ ਦੀ ਗਲਤ ਸੂਚਨਾ ਦੇਣ ਤੇ ਗਲਤ ਸਹੁੰ ਪੱਤਰ ਦੇਣ ਦੇ ਮਾਮਲੇ ਵਿਚ ਸ਼ਿਕਾਇਤ ਦਾਇਰ ਕੀਤੀ ਸੀ। ਆਮਦਨ ਕਰ ਵਿਭਾਗ ਸਾਹਮਣੇ ਰਣਇੰਦਰ ਸਿੰਘ ਨੇ ਵਿਦੇਸ਼ੀ ਕੰਪਨੀ ਵਿਚ ਭਾਈਵਾਲੀ ਜਾਂ ਵਿਦੇਸ਼ੀ ਬੈਂਕ ਖਾਤਿਆਂ ਬਾਰੇ ਇਨਕਾਰ ਕਰ ਦਿੱਤਾ ਸੀ। ਬਾਅਦ ਵਿਚ ਆਮਦਨ ਕਰ ਵਿਭਾਗ ਦੇ ਹੱਥ ਅਜਿਹੀ ਸੂਚਨਾ ਲੱਗੀ, ਜਿਸ ਤਹਿਤ ਵਿਦੇਸ਼ੀ ਟਰੱਸਟ ਵਿਚ ਰਣਇੰਦਰ ਸਿੰਘ ਦੀ ਭਾਈਵਾਲੀ ਵੀ ਹੈ, ਨਾਲ ਹੀ ਵਿਦੇਸ਼ ਵਿਚ ਬੈਂਕ ਖਾਤੇ ਵੀ ਹਨ। ਇਸ ਤੋਂ ਇਲਾਵਾ ਸਵਿਸ ਬੈਂਕ ਵਿਚ ਵੀ ਖਾਤੇ ਬਾਰੇ ਸੂਚਨਾ ਮਿਲੀ ਹੈ। ਇਸੇ ਆਧਾਰ 'ਤੇ ਆਮਦਨ ਕਰ ਵਿਭਾਗ ਨੇ ਲੁਧਿਆਣਾ ਅਦਾਲਤ ਵਿਚ ਰਣਇੰਦਰ ਸਿੰਘ ਖ਼ਿਲਾਫ਼ ਕੇਸ ਦਾਖ਼ਲ ਕੀਤਾ। ਈਡੀ ਨੇ 16 ਜੂਨ ਨੂੰ ਸਵੇੇਰ 10 ਵਜੇ ਰਣਇੰਦਰ ਸਿੰਘ ਨੂੰ ਪੇਸ਼ ਹੋਣ ਲਈ ਕਿਹਾ ਹੈ।

ਬਾਕਸ

ਕੈਪਟਨ ਨੂੰ ਵੀ ਸੰਮਨ ਦੀ ਤਿਆਰੀ

ਈਡੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੰਮਨ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਸੰਮਨ ਸਿਟੀ ਸੈਂਟਰ ਘੁਟਾਲੇ ਵਿਚ ਈਡੀ ਵੱਲੋਂ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਚੱਲ ਰਹੀ ਜਾਂਚ ਵਿਚ ਜਾਰੀ ਹੋ ਸਕਦੇ ਹਨ। ਹਾਲਾਂਕਿ ਵਿਜੀਲੈਂਸ ਬਿਊਰੋ ਨੇ ਈਡੀ ਨੂੰ ਕੇਸ ਦੀ ਚਾਰਜਸ਼ੀਟ ਦੀ ਕਾਪੀ ਮੁਹੱਈਆ ਨਹੀਂ ਕਰਵਾਈ। ਉੱਥੇ ਟਰਾਇਲ ਕੋਰਟ ਨੇ ਵੀ ਈਡੀ ਨੂੰ ਚਾਰਜਸ਼ੀਟ ਦੀ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਇਸ ਕੇਸ ਦੀ ਜਾਂਚ ਹੌਲੀ ਹੋ ਗਈ ਹੈ।