ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਚੰਡੀਗੜ੍ਹ 'ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਨਵੀਂ ਖੇਡ ਨੀਤੀ ਤਹਿਤ ਬੁੱਧਵਾਰ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਮੱੁਖ ਮੰਤਰੀ ਨੇ ਅੱਜ ਕਾਮਨਵੈਲਥ ਖੇਡਾਂ ਤੇ ਏਸ਼ੀਅਨ ਖੇਡਾਂ 'ਚ ਜਿੱਤਣ ਵਾਲੇ 23 ਖਿਡਾਰੀਆਂ ਨੂੰ ਸਨਮਾਨ ਕੀਤਾ ਤੇ ਕਰੋੜਾਂ ਦੀ ਇਨਾਮੀ ਰਾਸ਼ੀ ਦੇ ਨਾਲ-ਨਾਲ ਆਈਫੋਨ ਵੀ ਵੰਡੇ। ਇਸ ਪ੍ਰੋਗਰਾਮ 'ਚ ਪੰਜਾਬ ਕੈਬਨਿਟ ਦੇ ਵੱਡੇ ਨੇਤਾ ਮੌਜੂਦ ਸਨ। ਇਨ੍ਹਾਂ 'ਚ ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸੋਢੀ, ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਪਹੰੁਚੇ। ਇਸ ਤੋਂ ਇਲਾਵਾ ਪੋ੍ਰਗਰਾਮ 'ਚ ਕਾਮੇਡੀਅਨ ਕਪਿਲ ਸ਼ਰਮਾ ਤੇ ਗੁਰਪ੍ਰੀਤ ਘੁੱਗੀ ਵੀ ਮੌਜੂਦ ਸਨ। ਜਦੋਂ ਸਟੇਜ 'ਤੇ ਕਪਿਲ ਸ਼ਰਮਾ ਤੇ ਗੁਰਪ੍ਰੀਤ ਘੱੁਗੀ ਨੂੰ ਬੁਲਾਇਆ ਗਿਆ ਤਾਂ ਸਾਰਾ ਹਾਲ ਉਨ੍ਹਾਂ ਦੇ ਚੁਟਕਲਿਆਂ 'ਤੇ ਹੱਸਣ ਲੱਗ ਪਿਆ। ਪੰਜਾਬ ਸਰਕਾਰ ਨੇ ਅੱਜ 23 ਖਿਡਾਰੀਆਂ ਨੂੰ ਚੁਣਿਆ ਹੈ, ਇਨ੍ਹਾਂ 'ਚੋਂ ਤੇਜਿੰਦਰਪਾਲ ਸਿੰਘ ਤੁਰ ਤੇ ਸਵਰਨ ਸਿੰਘ ਨੂੰ 1 ਕਰੋੜ ਦਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਗੋਲਡ ਵਿਜੇਤਾ ਅਰਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ 1 ਕਰੋੜ ਦਾ ਇਨਾਮ ਦਿੱਤਾ ਹੈ ਤੇ ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ, ਿਯਸ਼ਨ ਪਾਠਕ, ਦਿਲਪ੍ਰੀਤ ਸਿੰਘ ਨੂੰ ਏਸ਼ੀਅਨ ਖੇਡਾਂ ਦੌਰਾਨ ਕਾਂਸੇ ਦਾ ਤਗਮਾ ਜਿੱਤਣ ਲਈ 50-50 ਲੱਖ ਰੁਪਏ ਦੇ ਕੇ ਮੁੱਖ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਿਡਾਰੀਆਂ ਦਾ ਖੇਡਾਂ 'ਚ ਜਿੱਤਣਾ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਲਈ ਇਕ ਮਿਸਾਲ ਹੈ ਤੇ ਉਹ ਉਮੀਦ ਕਰਦੇ ਹਨ ਕਿ ਭਵਿੱਖ 'ਚ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਨੂੰ ਤੁਰਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੁਨਰ ਦੀ ਕੋਈ ਕਮੀ ਨਹੀਂ, ਪੰਜਾਬ ਸਰਕਾਰ ਖਿਡਾਰੀਆਂ ਦੀ ਪੂਰੀ ਮਦਦ ਕਰੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਦੇ ਸਨਮਾਨ ਲਈ 155 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ।