ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ਸ਼ੁੱਕਰਵਾਰ ਨੂੰ ਅਪ੍ਰੈਲ ਤੋਂ ਜੁਲਾਈ ਤਕ ਦੇ ਸੂਬੇ ਦੇ ਖ਼ਰਚਿਆਂ ਸਬੰਧੀ 2,52,92,96,20,200 ਰੁਪਏ ਦੇ ਖ਼ਰਚੇ ਨੂੰ ਮਨਜ਼ੂਰੀ ਦੇ ਦਿੱਤੀ। ਕਾਂਗਰਸੀ ਮੈਂਬਰਾਂ ਦੀ ਗ਼ੈਰ-ਮੌਜੂਦਗੀ 'ਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਚਾਰ ਮਹੀਨਿਆਂ ਦੇ ਖ਼ਰਚੇ ਲਈ ਸਦਨ ਦੀ ਮਨਜ਼ੂਰੀ ਮੰਗੀ, ਜੋ ਸੱਤਾ ਧਿਰ ਨੇ ਤੁਰੰਤ ਦੇ ਦਿੱਤੀ। ਢੀਂਡਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਕੇਂਦਰ ਸਰਕਾਰ ਦੀਆਂ ਤਾਜ਼ਾ ਤੇ ਲੋਕ ਹਿਤੈਸ਼ੀ ਨੀਤੀਆਂ ਦੀ ਰੋਸ਼ਨੀ 'ਚ ਪੂਰਾ ਬਜਟ ਪੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਬਾਦਲ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਤਨਦੇਹੀ ਨਾਲ ਪੂਰਾ ਕਰਨਗੇ। ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀਆਂ ਪੱਖਪਾਤ ਵਾਲੀਆਂ ਨੀਤੀਆਂ ਕਾਰਨ ਇਸ ਵਿਚ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ ਪਰ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਬਿਨਾਂ ਕਿਸੇ ਪੱਖਪਾਤ ਦੇ ਸਮਾਜ ਦੇ ਕਮਜ਼ੋਰ ਵਰਗਾਂ 'ਤੇ ਵਿਸ਼ੇਸ਼ ਧਿਆਨ ਦਿੰਦਿਆਂ ਉਹ ਸੂਬੇ ਦੇ ਸਰਵਪੱਖੀ ਵਿਕਾਸ ਦੇ ਟੀਚੇ ਪ੍ਰਤੀ ਮਜ਼ਬੂਤ ਇਰਾਦਾ ਰੱਖਦੇ ਹਨ। ਸਰਕਾਰ ਦਾ ਮੁੱਖ ਮਕਸਦ ਸੂਬੇ 'ਚ ਭਿ੍ਰਸ਼ਟਾਚਾਰ ਮੁਕਤ ਅਤੇ ਸਮਾਂਬੱਧ ਜਨਤਕ ਸੇਵਾਵਾਂ ਮੁਹੱਈਆ ਕਰਵਾਉਣੀਆਂ ਹਨ। ਚਾਰ ਮਹੀਨਿਆਂ ਦੇ ਇਸ ਮਿੰਨੀ ਬਜਟ 'ਚ ਵਿੱਤ ਮੰਤਰੀ ਨੇ ਚੋਣ ਜ਼ਾਬਤੇ ਕਾਰਨ ਕੋਈ ਐਲਾਨ ਨਹੀਂ ਕੀਤਾ ਪਰ ਪਿਛਲੇ ਸਾਲ ਹੋਰ ਚਾਲੂ ਪੰਜ ਸਾਲਾ ਯੋਜਨਾ ਦੇ ਆਧਾਰ 'ਤੇ ਅੰਕੜੇ ਪੇਸ਼ ਕਰਦੇ ਰਹੇ। ਢੀਂਡਸਾ ਨੇ ਦੱਸਿਆ ਕਿ ਸੂਬੇ ਦਾ ਟੈਕਸ ਮਾਲੀਆ 2012-13 'ਚ 22,588 ਕਰੋੜ ਰੁਪਏ ਸੀ, ਜਿਸ ਦੇ 2013-14 ਦੇ ਬਜਟ ਮੁਤਾਬਿਕ 28,524 ਕਰੋੜ ਹੋਣ ਦੀ ਉਮੀਦ ਹੈ। ਸੂਬਾ ਸਰਕਾਰ ਨੇ 14ਵੇਂ ਵਿੱਤ ਕਮਿਸ਼ਨ ਨੂੰ ਅਪੀਲ ਕੀਤੀ ਕਿ ਕੇਂਦਰੀ ਟੈਕਸਾਂ ਦਾ ਘੱਟੋ-ਘੱਟ 50 ਫ਼ੀਸਦੀ ਹਿੱਸਾ ਸੂਬਿਆਂ ਨੂੰ ਦਿੱਤਾ ਜਾਵੇ। ਐਸਸੀ, ਐਸਟੀ ਆਬਾਦੀ ਤੇ ਸੂਬੇ ਦੀ ਜੀਐਸਡੀਪੀ ਦੇ ਆਧਾਰ 'ਤੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਕੇਂਦਰੀ ਟੈਕਸ ਦੇ ਹਿੱਸੇ ਲਈ ਮਾਪਦੰਡ ਬਣਾਏ ਜਾਣ। ਕਮਿਸ਼ਨ ਨੂੰ 2015-20 ਲਈ ਸੂਬੇ ਨੂੰ 9639 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੀ ਸਿਫਾਰਸ਼ ਕਰਨ ਨੂੰ ਵੀ ਕਿਹਾ ਗਿਆ ਸੀ। ਵਿੱਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਆਉਂਦੇ ਵਿੱਤੀ ਵਰ੍ਹੇ ਦੀ ਸਾਲਾਨਾ ਯੋਜਨਾ ਲਈ ਯੋਜਨਾ ਕਮਿਸ਼ਨ ਨਾਲ ਜਨਵਰੀ 'ਚ ਸਰੋਤ ਸਬੰਧੀ ਚਰਚਾ ਹੋਈ ਸੀ। ਕੇਂਦਰ ਨੇ 66 ਕੇਂਦਰੀ ਸਕੀਮਾਂ ਨੂੰ ਮੁੜ ਗਿਠਤ ਕੀਤਾ ਹੈ। ਇਸ ਬੈਠਕ 'ਚ 2014-15 ਲਈ 19,210 ਕਰੋੜ ਰੁਪਏ ਦੀ ਯੋਜਨਾ ਦਾ ਅੰਦਾਜ਼ਾ ਲਗਾਇਆ ਗਿਆ ਹੈ। ਢੀਂਡਸਾ ਨੇ ਖੇਤੀਬਾੜੀ, ਦਿਹਾਤੀ ਵਿਕਾਸ, ਬਿਜਲੀ, ਸਿੰਚਾਈ, ਪ੍ਰਸ਼ਾਸਨਿਕ ਸੁਧਾਰ, ਸਿੱਖਿਆ, ਲੋਕਾਂ ਦੀ ਸਿਹਤ ਤੇ ਕੈਂਸਰ ਤੇ ਨਸ਼ਾ ਮੁਕਤੀ ਖੇਤਰ 'ਚ ਹਾਸਲ ਕੀਤੀਆਂ ਉਪਲਬਧੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਵੱਖ-ਵੱਖ ਸਕੀਮਾਂ ਤਹਿਤ ਵਿਦਿਆਰਥੀਆਂ ਨੂੰ 212 ਕਰੋੜ ਰੁਪਏ ਦੇ ਵਜ਼ੀਫੇ ਵੰਡੇ ਜਾ ਚੁੱਕੇ ਹਨ। ਮਾਈ ਭਾਗੋ ਸਕੀਮ ਤਹਿਤ 40 ਕਰੋੜ ਰੁਪਏ ਦੀ ਰਕਮ ਖ਼ਰਚ ਕਰਕੇ 11ਵੀਂ ਤੇ 12ਵੀਂ ਦੀਆਂ 1,47,000 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਗਏ ਹਨ।