ਪੰਜ ਮੰਤਰੀਆਂ ਦੀ ਬੈਠਕ 'ਚ 19 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ

30 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਲੱਗ ਸਕਦੀ ਹੈ ਮੋਹਰ

ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ : ਪੰਜਾਬ ਦੇ ਲਗਪਗ ਅੱਧਾ ਦਰਜਨ ਆਰਡੀਨੈਂਸ ਨੂੰ ਰਾਜਪਾਲ ਬੀਪੀ ਸਿੰਘ ਬਦਨੌਰ ਵੱਲੋਂ ਕੁਝ ਤਰਕਾਂ ਦੇ ਆਧਾਰ 'ਤੇ ਆਪਣੇ ਕੋਲ ਰੋਕੀ ਰੱਖਣ ਤੋਂ ਬਣੇ ਹਾਲਾਤ ਦਾ ਹੱਲ ਪੰਜਾਬ ਸਰਕਾਰ ਨੇ ਲੱਭ ਲਿਆ ਹੈ। ਸਰਕਾਰ ਨੇ ਹੁਣ 19 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਲਿਆ ਹੈ ਜਿਸ 'ਚ ਇਨ੍ਹਾਂ ਦੇ ਸਬੰਧ 'ਚ ਬਿੱਲ ਲਿਆਏ ਜਾਣਗੇ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਅਚਾਨਕ ਬਾਅਦ ਦੁਪਹਿਰ ਮੰਤਰੀ ਮੰਡਲ ਦੀ ਬੈਠਕ ਬੁਲਾ ਲਈ ਹੈ। ਉਸ ਸਮੇਂ ਸ਼ਹਿਰ 'ਚ ਕੇਵਲ ਪੰਜ ਮੰਤਰੀ ਹੀ ਮੌਜੂਦ ਸਨ। ਅਜਿਹੇ ਸਮੇਂ ਮਦਨ ਮੋਹਨ ਮਿੱਤਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਹੀ ਬੈਠਕ 'ਚ ਸ਼ਾਮਿਲ ਹੋ ਸਕੇ।

ਬੈਠਕ 'ਚ ਤੈਅ ਕੀਤਾ ਗਿਆ ਕਿ ਕੁਝ ਜ਼ਰੂਰੀ ਵਿਧਾਨਕ ਕੰਮਕਾਜ ਨਿਪਟਾਉਣ ਦੇ ਲਈ 19 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਏ। ਸੂਤਰਾਂ ਮੁਤਾਬਿਕ ਪਿਛਲੇ ਦਿਨਾਂ ਦੌਰਾਨ ਮੰਤਰੀ ਮੰਡਲ 'ਚ ਕੀਤੇ ਗਏ ਫ਼ੈਸਲਿਆਂ ਸਬੰਧੀ ਆਰਡੀਨੈਂਸ ਰਾਜਪਾਲ ਕੋਲ ਪੈਂਡਿੰਗ ਪਏ ਹਨ। ਹੁਣ ਸਰਕਾਰ ਬਿੱਲ ਦੇ ਰੂਪ 'ਚ ਵਿਧਾਨ ਸਭਾ 'ਚ ਇਨ੍ਹਾਂ 'ਤੇ ਮੋਹਰ ਲਗਾਏਗੀ। ਇਨ੍ਹਾਂ 'ਚ ਠੇਕੇ ਵਾਲੇ 30 ਹਜ਼ਾਰ ਕਰਮਚਾਰੀਆਂ ਨੂੰ ਸਥਾਈ ਕਰਨ ਦਾ ਬਿੱਲ ਅਹਿਮ ਹੈ। ਸੂਤਰਾਂ ਦੀ ਮੰਨੀਏ ਤਾਂ ਐੱਲਆਰ ਦੀ ਇਸ ਫ਼ੈਸਲੇ ਸਬੰਧੀ ਰਾਇ ਨੂੰ ਰਾਜਪਾਲ ਨੂੰ ਭੇਜੇ ਗਏ ਏਜੰਡੇ 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਇਸ ਕਾਰਨ ਇਹ ਬਿੱਲ ਰਾਜਪਾਲ ਦੇ ਕੋਲ ਹੀ ਪਿਆ ਹੈ। ਇਸ ਤੇ ਇਲਾਵਾ 'ਸਮਾਨ ਕੰਮ-ਸਮਾਨ ਤਨਖ਼ਾਹ' ਦਾ ਬਿੱਲ ਵੀ ਲਿਆਇਆ ਜਾ ਸਕਦਾ ਹੈ ਜੋ ਦੋ ਸਾਲ ਦੀ ਸ਼ੁਰੂਆਤੀ ਸੇਵਾ ਦੌਰਾਨ ਕਰਮਚਾਰੀਆਂ ਨੂੰ ਬੇਸਿਕ ਤਨਖ਼ਾਹ ਦੇਣ ਦੇ ਖ਼ਿਲਾਫ਼ ਹੈ।

ਸਰਕਾਰ ਵਿਧਾਨ ਸਭਾ 'ਚ ਜਲੰਧਰ ਦੀ ਸੀਟੀ ਯੂਨੀਵਰਸਿਟੀ ਦਾ ਬਿੱਲ ਵੀ ਲਿਆਏਗੀ। ਨਾਲ ਹੀ ਸਕੂਲਾਂ 'ਚ ਫੀਸ 'ਤੇ ਨਜ਼ਰ ਰੱਖਣ ਦੇ ਲਈ ਰੈਗੂਲੇਟਰੀ ਅਥਾਰਟੀ ਬਣਾਉਣ ਦਾ ਬਿੱਲ ਵੀ ਲਿਆਇਆ ਜਾ ਰਿਹਾ ਹੈ। ਰੀਅਲ ਅਸਟੇਟ ਬਿੱਲ ਵੀ ਇਜਲਾਸ 'ਚ ਲਿਆਂਦਾ ਜਾਏਗਾ ਜਿਸ 'ਚ ਸੰਪਤੀ ਦੀ ਖਰੀਦੋ-ਫਰੋਖਤ 'ਚ ਪ੍ਰਾਪਰਟੀ ਡੀਲਰਾਂ ਆਦਿ ਵੱਲੋਂ ਕੀਤੀ ਜਾਂਦੀ ਧੋਖਾਦੇਹੀ ਤੋਂ ਖੱਪਤਕਾਰਾਂ ਨੂੰ ਬਚਾਉਣ ਦੀ ਵਿਵਸਥਾ ਹੋਏਗੀ। ਮੰਤਰੀ ਮੰਡਲ ਦੀ ਬੈਠਕ 'ਚ ਜ਼ਿਲ੍ਹਾ ਰੂਪਨਗਰ ਦੇ ਪਿੰਡ ਮੁੰਨੇ (ਨੂਰਪੁਰਬੇਦੀ) 'ਚ ਸਥਿਤ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਖ਼ਾਲਸਾ ਗਰਲਜ਼ ਕਾਲਜ ਨੂੰ ਰਾਜ ਸਰਕਾਰ ਵੱਲੋਂ ਆਪਣੇ ਅਖਤਿਆਰ 'ਚ ਲੈਣ ਦੇ ਲਈ ਉੱਚ ਸਿੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ। ਇਸ ਫ਼ੈਸਲੇ ਨਾਲ ਕੰਢੀ ਖੇਤਰ ਦੀਆਂ ਵਿਦਿਆਰਥਣਾਂ ਨੂੰ ਕੁਆਲਿਟੀ ਐਜੂਕੇਸ਼ਨ ਮੁਹੱਈਆ ਹੋਵੇਗੀ।