-23 ਸਤੰਬਰ ਤੱਕ ਸੈਸ਼ਨ ਦੀਆਂ ਬੈਠਕਾਂ ਚੱਲਣ ਦੀ ਸੰਭਾਵਨਾ

ਪੰਜਾਬੀ ਜਾਗਰਣ ਬਿਊਰੋ,

ਚੰਡੀਗੜ : ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ 5 ਸਤੰਬਰ ਦੀ ਥਾਂ ਹੁਣ 19 ਸਤੰਬਰ ਨੂੰ ਸ਼ੁਰੂ ਹੋਵੇਗਾ ਜਿਸ ਦੇ 23 ਸਤੰਬਰ ਤਕ ਚੱਲਣ ਦੀ ਸੰਭਾਵਨਾ ਹੈ। ਇਜਲਾਸ 'ਚ ਤਬਦੀਲੀ ਇਸ ਕਾਰਨ ਕੀਤੀ ਗਈ ਹੈ ਕਿਉਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 28 ਅਗਸਤ ਤੋਂ 10 ਦਿਨਾਂ ਦੇ ਵਿਦੇਸ਼ੀ ਦੌਰੇ 'ਤੇ ਜਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਇਹ ਆਖਰੀ ਇਜਲਾਸ ਹੈ ਜਿਸ ਕਾਰਨ ਵਿਰੋਧੀ ਧਿਰ ਸਰਕਾਰ ਨੂੰ ਕਈ ਮੁੱਦਿਆਂ 'ਤੇ ਘੇਰਨ ਦੀ ਤਿਆਰੀ ਵਿਚ ਹੈ। ਇਸ ਦੇ ਜਵਾਬ ਵਜੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵਿਧਾਨ ਸਭਾ ਸੈਸ਼ਨ ਵਿਚ ਹੋਣਾ ਜ਼ਰੂਰੀ ਹੈ। ਕਾਂਗਰਸ ਨੇ ਨਸ਼ਿਆਂ, ਟਰਾਂਸਪੋਰਟ ਤੇ ਭੌਂ ਮਾਫੀਆ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਵਿਰੋਧ ਵਜੋਂ ਸੱਤਾਧਾਰੀ ਧਿਰ ਨੇ ਪੰਜਾਬ ਵਿਚ ਸਾਢੇ ਨੌਂ ਸਾਲ ਪਹਿਲਾਂ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਦੀਆਂ ਖਾਮੀਆਂ ਗਿਣਾ ਕੇ ਆਪਣੀ ਸਰਕਾਰ ਦੇ ਵਿਕਾਸ ਕੰਮਾਂ ਨੂੰ ਗਿਣਾਉਣ ਦੀ ਰਣਨੀਤੀ ਤਿਆਰ ਕੀਤੀ ਹੈ।