ਸਟਾਫ ਰਿਪੋਰਟਰ, ਗੁਰਦਾਸਪੁਰ : ਸ਼ੁੱਕਰਵਾਰ ਨੂੰ ਬਟਾਲਾ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਗੁਰਦਾਸਪੁਰ ਜੇਲ੍ਹ ਵਿਚ ਲਿਜਾਇਆ ਜਾ ਰਿਹਾ ਇਕ ਹਵਾਲਾਤੀ ਪੁਲਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਭੱਜ ਗਿਆ। ਜਾਣਕਾਰੀ ਅਨੁਸਾਰ ਹਵਾਲਾਤੀ ਮਨਜੀਤ ਸਿੰਘ ਵਾਸੀ ਪਿੰਡ ਨਿੱਕਾ ਸਰਾਂ ਖ਼ਿਲਾਫ਼ ਪੁਲਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਇਕ ਦਿਨ ਪਹਿਲਾਂ 12 ਮਈ ਨੂੰ ਦਾਜ ਹੱਤਿਆ ਦੀ ਧਾਰਾ 304ਬੀ ਤਹਿਤ ਮਾਮਲਾ ਦਰਜ ਹੋਇਆ ਸੀ। ਅੱਜ ਡੇਰਾ ਬਾਬਾ ਨਾਨਕ ਦੀ ਪੁਲਸ ਉਸ ਨੂੰ ਬਟਾਲਾ ਦੇ ਜੱਜ ਚੰਦਨ ਹੰਸ ਦੀ ਅਦਾਲਤ ਵਿਚ ਪੇਸ਼ੀ ਲਈ ਲੈ ਕੇ ਗਈ ਸੀ। ਅਦਾਲਤ ਨੇ ਮੁਲਜ਼ਮ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਗੁਰਦਾਸਪੁਰ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ। ਉਪਰੰਤ ਜਦੋਂ ਸੁਰੱਖਿਆ ਮੁਲਾਜ਼ਮ ਉਸ ਨੂੰ ਗੁਰਦਾਸਪੁਰ ਜੇਲ੍ਹ 'ਚ ਲਿਜਾਣ ਤੋਂ ਪਹਿਲਾਂ ਗੁਰਦਾਸਪੁਰ ਕਚਹਿਰੀ ਵਿਚ ਉਸ ਦੀਆਂ ਫੋਟੋਆਂ ਖਿਚਵਾਉਣ ਗਏ ਤਾਂ ਇਸ ਮੌਕੇ ਸੁਰੱਖਿਆ ਮੁਲਾਜ਼ਮਾਂ ਨੇ ਮੁਲਜ਼ਮ ਦੇ ਹੱਥਕੜੀ ਨਹੀਂ ਲਾਈ ਹੋਈ ਸੀ। ਇਕ ਸੁਰੱਖਿਆ ਮੁਲਾਜ਼ਮ ਨੇ ਉਸ ਨੂੰ ਗੁੱਟ ਤੋਂ ਫੜਿਆ ਹੋਇਆ ਸੀ। ਇਸੇ ਦੌਰਾਨ ਮਨਜੀਤ ਸਿੰਘ ਗੁੱਟ ਛੁਡਾ ਕੇ ਫਰਾਰ ਹੋ ਗਿਆ।