ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਭਾਰਤ 2022 'ਚ ਅਗਲੇ ਜੀ-20 ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। 2022 'ਚ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ। ਜੀ-20 ਦੁਨੀਆ ਦੁਨੀਆ ਦੀਆਂ 20 ਵੱਡੀਆਂ ਅਰਥ-ਵਿਵਸਥਾਵਾਂ ਦਾ ਸਮੂਹ ਹੈ। ਦੋ ਦਿਨਾਂ ਸਿਖ਼ਰ ਸੰਮੇਲਨ ਦੇ ਸਮਾਪਤੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਦਾ ਐਲਾਨ ਕੀਤਾ। 2022 ਦੇ ਇਸ ਅੰਤਰਰਾਸ਼ਟਰੀ ਫੋਰਮ ਦੀ ਮੇਜ਼ਬਾਨੀ ਇਟਲੀ ਨੇ ਕਰਨੀ ਸੀ। ਮੇਜ਼ਬਾਨੀ ਦੀ ਭੂਮਿਕਾ ਭਾਰਤ ਨੂੰ ਸੌਂਪਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦਾ ਧੰਨਵਾਦ ਕੀਤਾ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਈਮੈਨੂਅਲ ਮੈਕਰੋ ਨਾਲ ਮੁਲਾਕਾਤ ਕੀਤੀ। ਜੀ-20 ਸਿਖਰ ਸੰਮੇਲਨ 'ਚ ਹੋਈ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ 'ਚ ਸੰਪਰਕ ਵਧਾਉਣ 'ਤੇ ਵੀ ਚਰਚਾ ਕੀਤੀ। ਫਰਾਂਸ ਨਾਲ ਹੋਏ ਰਾਫੇਲ ਸੌਦੇ 'ਤੇ ਵਿਰੋਧੀਆਂ ਦੇ ਹੰਗਾਮੇ ਦੌਰਾਨ ਦੋਵਾਂ ਦੇਸ਼ਾਂ ਦੇ ਨੇਤਾਵਾਂ 'ਚ ਇਹ ਮੁਲਾਕਾਤ ਹੋਈ ਹੈ। ਭਾਰਤ ਨੇ ਫਰਾਂਸ ਨਾਲ ਸਤੰਬਰ 2016 'ਚ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ ਅੰਤਰ ਸਰਕਾਰੀ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਸ ਸੌਦੇ 'ਤੇ ਕਰੀਬ 58000 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।