ਨਵੀਂ ਦਿੱਲੀ : ਨਾਰਾਜ਼ ਭਾਜਪਾ ਐਮਪੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਰਾਹਤ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਫੋਨ 'ਤੇ ਗੱਲ ਕਰਕੇ ਉਨ੍ਹਾਂ ਨੇ ਨਵਜੋਤ ਸਿੰਘ ਨੂੰ ਜਨਤਕ ਬਿਆਨ ਦੀ ਬਜਾਇ ਪਾਰਟੀ ਮੰਚ 'ਤੇ ਆ ਕੇ ਗੱਲ ਕਰਨ ਲਈ ਕਿਹਾ ਤੇ ਉਨ੍ਹਾਂ ਨੂੰ ਸ਼ਾਂਤ ਕੀਤਾ। ਜਨਰਲ ਸਕੱਤਰ ਜੇਪੀ ਨੱਢਾ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਤੀਜੀ ਵਾਰ ਅੰਮਿ੍ਰਤਸਰ ਦੀ ਪ੍ਰਤੀਨਿਧਤਾ ਕਰ ਰਹੇ ਸਿੱਧੂ ਦੀ ਪਤਨੀ ਨੇ ਵੀਰਵਾਰ ਨੂੰ ਫੇਸਬੁੱਕ 'ਤੇ ਕਿਹਾ ਸੀ ਕਿ ਸਿੱਧੂ ਨੂੰ ਪਾਰਟੀ ਨਜ਼ਰ ਅੰਦਾਜ਼ ਕਰ ਰਹੀ ਹੈ। ਲਿਹਾਜ਼ਾ ਉਹ ਇਸ ਵਾਰ ਅੰਮਿ੍ਰਤਸਰ ਤੋਂ ਚੋਣ ਨਹੀਂ ਲੜਨਗੇ। ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਦੀ ਨਵੀਂ ਟੀਮ 'ਚ ਸਿੱਧੂ ਨੂੰ ਥਾਂ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਨਾਰਾਜ਼ਗੀ ਵਿਖਾ ਕੇ ਆਪਣੇ ਲਈ ਕੋਈ ਨਵੀਂ ਸੀਟ ਚਾਹੁੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅੰਮਿ੍ਰਤਸਰ 'ਚ ਉਨ੍ਹਾਂ ਲਈ ਮੁਸ਼ਕਿਲ ਪੈਦਾ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨਾਰਾਜ਼ਗੀ ਦੇ ਜ਼ਰੀਏ ਅਸਲ 'ਚ ਪਾਰਟੀ ਲੀਡਰਸ਼ਿਪ ਤਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਸਨ। ਖ਼ੈਰ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਸਵੇਰੇ ਫੋਨ ਕਰਕੇ ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਫੋਨ 'ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਬਿਆਨ ਨਹੀਂ ਦਿੱਤਾ। ਆਈਪੀਐਲ ਤੋਂ ਵਿਹਲੇ ਹੋਣ ਪਿੱਛੋਂ ਉਹ ਦਿੱਲੀ ਆ ਕੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।