ਤਿੰਨ ਸੂਬਿਆਂ 'ਚ ਚੋਣ ਪ੍ਰਚਾਰ ਕਾਰਨ ਖ਼ਰਾਬ ਹੋਇਆ ਨਵਜੋਤ ਸਿੱਘ ਸਿੱਧੂ ਦਾ ਗਲ਼ਾ, ਪੰਜ ਦਿਨ ਆਰਾਮ ਦੀ ਦਿੱਤੀ ਸਲਾਹ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਪਣੇ ਭਾਸ਼ਣ ਦੀ ਖ਼ਾਸ ਸ਼ੈਲੀ ਤੇ ਬੇਬਾਕ ਅੰਦਾਜ਼ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਖ਼ਰਾਬ ਹੋ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਪੰਜ ਦਿਨ ਮੁਕੰਮਲ ਮੌਨ ਰਹਿਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇ ਉਹ ਜ਼ਿਆਦਾ ਬੋਲਣਗੇ ਤਾਂ ਉਨ੍ਹਾਂ ਦੀ ਆਵਾਜ਼ ਜਾ ਵੀ ਸਕਦੀ ਹੈ। ਸਿੱਧੂ ਨੂੰ ਲਿਰਿੰਗਜਾਈਟਿਸ (ਵੋਕਲ ਕੌਰਡ ਨਾਲ ਸਬੰਧਿਤ ਗਲ਼ੇ ਦੀ ਬਿਮਾਰੀ) ਦੀ ਸਮੱਸਿਆ ਹੈ। ਦੱਸਣਾ ਬਣਦਾ ਹੈ ਕਿ ਬੀਤੇ 17 ਦਿਨਾਂ 'ਚ ਸਿੱਧੂ ਨੇ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਤੇਲੰਗਾਨਾ 'ਚ ਕਾਂਗਰਸ ਦੇ ਹੱਕ 'ਚ 70 ਤੋਂ ਜ਼ਿਆਦਾ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਹੈ।

------------

ਦਿਮਾਗ਼ ਨਹੀਂ ਥੱਕਿਆ ਪਰ ਗਲ਼ਾ ਥੱਕ ਗਿਆ

ਜੇਐੱਨਐੱਨ, ਜਲੰਧਰ : ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੁਹਾਡਾ ਸਰੀਰ ਉਤਸ਼ਾਹ ਨਾਲ ਭਰਿਆ ਹੁੰਦਾ ਹੈ ਤਾਂ ਦਿਮਾਗ਼ ਤੇ ਸਰੀਰ ਲਗਾਤਾਰ ਤੇਜ਼ ਬੋਲਣ ਲਈ ਪ੍ਰੇਰਿਤ ਕਰਦੇ ਹਨ। ਅਜਿਹੇ ਵਿਚ ਗਲ਼ਾ ਤੁਹਾਡਾ ਸਾਥ ਨਾ ਦੇਵੇ ਤਾਂ ਇਸ ਨੂੰ ਲਿਰਿੰਗਜਾਈਟਿਸ ਦੀ ਬਿਮਾਰੀ ਕਹਿੰਦੇ ਹਨ। ਯਾਨੀ ਸਰੀਰ ਤੇ ਦਿਮਾਗ਼ ਨਹੀਂ ਥੱਕਿਆ ਪਰ ਗਲ਼ਾ ਥਕ ਗਿਆ। ਦੋਵਾਂ ਵਿਚਾਲੇ ਤਾਲਮੇਲ ਖ਼ਰਾਬ ਹੋਣ ਨਾਲ ਇਹ ਬਿਮਾਰੀ ਹੁੰਦੀ ਹੈ। ਹੁਣ ਸਿੱਧੂ ਪੰਜ ਦਿਨ ਆਪਣਾ ਇਲਾਜ ਕਰਵਾਉਣਗੇ। ਡਾਕਟਰਾਂ ਅਨੁਸਾਰ ਜ਼ਿਆਦਾ ਬੋਲਣ ਨਾਲ ਗਲ਼ੇ ਵਿਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਦਵਾਈਆਂ ਲੈਣ ਦੇ ਨਾਲ-ਨਾਲ ਭਾਫ਼ ਲੈ ਕੇ ਘੱਟੋ-ਘੱਟ ਪੰਜ ਦਿਨਾਂ ਤਕ ਚੁੱਪ ਰਹਿ ਕੇ ਗਲ਼ੇ ਨੂੰ ਆਰਾਮ ਦੇਣਾ ਪੈਂਦਾ ਹੈ। ਅਯੁਰਵੇਦ ਮਾਹਿਰਾਂ ਅਨੁਸਾਰ ਇਹ ਬਿਮਾਰੀ ਤੇਜ਼ ਬੋਲਣ ਵਾਲਿਆਂ ਜਾਂ ਜ਼ੋਰ ਨਾਲ ਬੋਲਣ ਵਾਲਿਆਂ ਨੂੰ ਹੁੰਦੀ ਹੈ। ਆਯੁਰਵੇਦ ਵਿਚ ਇਸ ਨੂੰ ਸਵਰ ਭੇਦ ਕਹਿੰਦੇ ਹਨ।

--------------------

ਕੇਜਰੀਵਾਲ ਦੀ ਜੀਭ ਕਰਨੀ ਪਈ ਸੀ ਛੋਟੀ

ਜ਼ਿਆਦਾ ਬੋਲਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਵੀ ਜੀਭ ਦੀ ਸਰਜਰੀ ਕਰਵਾਉਣੀ ਪਈ ਸੀ। ਉਨ੍ਹਾਂ ਦੀ ਜੀਭ ਥੋੜ੍ਹੀ ਛੋਟੀ ਕੀਤੀ ਗਈ ਸੀ। ਕੇਜਰੀਵਾਲ ਵੀ ਆਪਣੀ ਤੇਜ਼ ਤਰਾਰ ਸ਼ੈਲੀ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਬੈਂਗਲੁਰੂ ਦੇ ਇਕ ਹਸਪਤਾਲ 'ਚ ਕੇਜਰੀਵਾਲ ਦੀ ਜੀਭ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਡਾਕਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਜੀਭ ਲੰਬੀ ਹੋ ਗਈ ਸੀ। ਉਨ੍ਹਾਂ ਨੂੰ ਬੋਲਣ 'ਚ ਪਰੇਸ਼ਾਨੀ ਹੋ ਰਹੀ ਸੀ। ਨਾਲ ਹੀ ਇਨਫੈਕਸ਼ਨ ਵੀ ਹੋ ਰਿਹਾ ਸੀ।

--------------------