ਉੱਤਰ ਪ੍ਰਦੇਸ਼ ਦੇ ਰਟੌਲ 'ਚ ਹੈ ਅੰਬਾਂ ਦਾ ਬਾਗ

ਬਾਗ 'ਚ ਮੌਜੂਦ ਹਨ ਅੰਬਾਂ ਦੀਆਂ 297 ਕਿਸਮਾਂ

ਰਟੌਲ (ਉੱਤਰ ਪ੍ਰਦੇਸ਼) (ਪੀਟੀਆਈ) : ਨਵੀਂ ਦਿੱਲੀ ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਉੱਤਰ ਪ੍ਰਦੇਸ਼ ਦੇ ਰਟੌਲ ਇਲਾਕੇ 'ਚ ਸਥਿਤ ਨੂਰ ਬਾਗ ਨੂੰ ਮੌਲਵੀ ਹਕੀਮੂਦੀਨ ਨੇ ਲਗਾਇਆ ਸੀ ਤੇ ਹੁਣ ਉਸ ਦਾ ਪੜਪੌਤਾ ਜ਼ਹੂਰ ਸਿਦੀਕੀ ਇਸ ਦੀ ਦੇਖਭਾਲ ਕਰ ਰਿਹਾ ਹੈ।

ਇਤਿਹਾਸਕਾਰ ਹਾਸ਼ਮੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਰਟੌਲ 'ਚ ਇਕ ਸਮੇਂ ਅੰਬਾਂ ਦੀਆਂ 500 ਕਿਸਮਾਂ ਮੌਜੂਦ ਸਨ ਪ੍ਰੰਤੂ ਹੁਣ ਕੇਵਲ 297 ਕਿਸਮਾਂ ਹੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਅੰਬਾਂ ਦੀਆਂ ਪ੍ਰਚੱਲਤ ਦੁਸਹਿਰੀ, ਚੌਸਾ ਤੇ ਲੰਗੜਾ ਕਿਸਮਾਂ ਤੋਂ ਇਲਾਵਾ ਕਈ ਅੰਬਾਂ ਦੇ ਅਜੀਬੋ ਗਰੀਬ ਨਾਂ ਰੱਖੇ ਗਏ ਹਨ। ਅੰਬ ਦੀ ਇਕ ਕਿਸਮ ਦਾ ਨਾਂ ਹਰਾਮਜ਼ਾਦਾ ਰੱਖਿਆ ਗਿਆ ਹੈ ਜੋ ਵੇਖਣ 'ਚ ਪੱਕਿਆ ਹੋਇਆ ਸੋਹਣਾ ਲੱਗਦਾ ਹੈ ੁਪ੍ਰੰਤੂ ਸਵਾਦ 'ਚ ਬਹੁਤ ਵਧੀਆ ਨਹੀਂ ਹੈ। ਅੰਬ ਦੀ ਇਕ ਹੋਰ ਕਿਸਮ ਦਾ ਨਾਂ ਗਧਾ ਰੱਖਿਆ ਗਿਆ ਹੈ। ਇਹ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਇਸ ਦੇ ਤਿਆਰ ਹੋਣ 'ਤੇ ਇਸ ਦੇ ਇਕ ਪੀਸ ਦਾ ਭਾਰ ਇਕ ਕਿਲੋ ਤਕ ਪੁੱਜ ਜਾਂਦਾ ਹੈ। ਅੰਬਾਂ ਦੀਆਂ ਹੋਰ ਕਿਸਮਾਂ 'ਚ ਲੰਗੜਾ ਵੀ ਸ਼ਾਮਿਲ ਹੈ ਜਿਸ ਦੀ ਸ਼ਕਲ ਟੇਡੀ-ਮੇਢੀ ਹੁੰਦੀ ਹੈ। ਹਵਾ ਦੇ 10 ਮੀਲ ਦੂਰ ਚੱਲਣ 'ਤੇ ਇਹ ਅੰਬ ਜ਼ਮੀਨ 'ਤੇ ਡਿੱਗ ਪੈਂਦੇ ਹਨ। ਇਸ ਤੋਂ ਇਲਾਵਾ ਤੇਮੂਰੀਆ ਅੰਬ ਜਿਸ ਦਾ ਨਾਂ ਰਾਜਾ ਤੈਮੂਰ ਤੋਂ ਰੱਖਿਆ ਗਿਆ ਹੈ। ਅੰਬ ਦੀ ਇਕ ਕਿਸਮ ਦਾ ਨਾਂ ਕਰੇਲਾ ਰੱਖਿਆ ਗਿਆ ਹੈ ਕਿਉਂਕਿ ਇਸ ਦੀ ਸ਼ਕਲ ਕਰੇਲੇ ਵਰਗੀ ਹੁੰਦੀ ਹੈ।

ਇਥੇ ਮਿਲਣ ਵਾਲੀਆਂ ਅੰਬਾਂ ਦੀਆਂ ਹੋਰ ਕਿਸਮਾਂ 'ਚ ਮਖਸੂਸ, ਖ਼ਾਸ-ਉਲ-ਖ਼ਾਸ, ਸਮਰ-ਏ-ਬਹਿਸ਼ਤ, ਜ਼ਰਦਾਲੂ, ਗੁਲਾਬ ਖ਼ਾਸ, ਦੁਧੀਆ ਭਾਗਲਪੁਰੀ ਵਰਣਨਯੋਗ ਹਨ। ਅੰਬਾਂ ਦੇ ਦਰੱਖਤਾਂ ਦੀ ਪਛਾਣ ਉਨ੍ਹਾਂ ਦੇ ਪੱਤਿਆਂ ਤੋਂ ਹੁੰਦੀ ਹੈ ਕਿਉਂਕਿ ਇਹ ਵੱਖ-ਵੱਖ ਪ੍ਰਕਾਰ ਦੇ ਹੁੰਦੇ ਹਨ।