ਜਸਪਾਲ ਜੱਸੀ/ਪ੍ਰਗਟ ਸਿੰਘ, ਖਡੂਰ ਸਾਹਿਬ : ਖਡੂਰ ਸਾਹਿਬ ਵਿਧਾਨ ਸਭਾ ਹਲਕੇ 'ਚ 13 ਫਰਵਰੀ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ 30 ਜਨਵਰੀ ਨੂੰ ਕਾਗਜ਼ ਵਾਪਸ ਲੈਣ ਦੇ ਦਿੱਤੇ ਸਮੇਂ ਦੌਰਾਨ ਜਿੱਥੇ ਕਪੂਰਥਲਾ ਵਾਸੀ ਅਜੀਤ ਸਿੰਘ ਸੈਣੀ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਉੱਥੇ ਹੀ ਬਾਕੀ ਬਚੇ 7 ਉਮੀਦਵਾਰਾਂ ਨੂੰ ਰਿਟਰਨਿੰਗ ਅਫਸਰ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਦਾ ਰਜਿਸਟਰਡ ਚੋਣ ਨਿਸ਼ਾਨ ਤੱਕੜੀ ਮਿਲਿਆ ਹੈ ਜਦੋਂਕਿ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਉਮੀਦਵਾਰ ਪੂਰਨ ਸਿੰਘ ਸ਼ੇਖ ਨੂੰ ਟੈਲੀਵਿਜ਼ਨ ਚੋਣ ਨਿਸ਼ਾਨ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨੂੰ ਅਲਮਾਰੀ ਚੋਣ ਨਿਸ਼ਾਨ 'ਤੇ ਪ੍ਰਚਾਰ ਕਰਨਾ ਪਵੇਗਾ। ਅਨੰਤਜੀਤ ਸਿੰਘ ਸੰਧੂ ਨੂੰ ਸਿਲਾਈ ਮਸ਼ੀਨ, ਸੁਖਦੇਵ ਸਿੰਘ ਖੋਸਲਾ ਨੂੰ ਸਟੂਲ, ਹਰਜੀਤ ਸਿੰਘ ਨੂੰ ਕੈਂਚੀ, ਡਾ. ਸੁਮੇਲ ਸਿੰਘ ਸਿੱਧੂ ਨੂੰ ਵਿਸਲ (ਸੀਟੀ) ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।

----------

ਬਿੱਟੂ ਦੇ ਮੁਕਾਬਲੇ ਉਸ ਦਾ ਭਰਾ ਵੀ ਲੜੇਗਾ ਚੋਣ

ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਲੜ ਰਹੇ ਭੁਪਿੰਦਰ ਸਿੰਘ ਬਿੱਟੂ ਦਾ ਮੁਕਾਬਲਾ ਜਿੱਥੇ ਅਕਾਲੀ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਸਮੇਤ ਹੋਰਨਾਂ ਉਮੀਦਵਾਰਾਂ ਨਾਲ ਹੋਣਾ ਹੈ, ਉਥੇ ਹੀ ਉਸ ਦਾ ਭਰਾ ਵੀ ਚੋਣ ਮੈਦਾਨ ਵਿਚ ਹੈ। ਕਵਰਿੰਗ ਕੈਂਡੀਡੇਟ ਵਜੋਂ ਨਾਮਜ਼ਦਗੀ ਦਾਖਲ ਕਰਵਾਉਣ ਵਾਲੇ ਹਰਜੀਤ ਸਿੰਘ ਵੱਲੋਂ ਆਖਰੀ ਦਿਨ ਕਾਗਜ਼ ਵਾਪਸ ਨਾ ਲੈਣ 'ਤੇ ਰਿਟਰਨਿੰਗ ਅਫਸਰ ਨੇਂ ਬਕਾਇਦਾ ਕੈਂਚੀ ਚੋਣ ਨਿਸ਼ਾਨ ਵੀ ਉਸ ਨੂੰ ਅਲਾਟ ਕਰ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਬਿੱਟੂ ਦੇ ਮੁਕਾਬਲੇ ਉਸ ਦੇ ਭਰਾ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਹਨ।