ਜਸਪਾਲ ਸਿੰਘ ਜੱਸੀ, ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਲਈ 13 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਕੱਲ੍ਹ 16 ਫਰਵਰੀ ਨੂੰ ਹੋ ਰਹੀ ਹੈ। ਗਿਣਤੀ ਸ਼ੁਰੂ ਹੋਣ ਤੋਂ ਕੁਝ ਹੀ ਸਮੇਂ ਵਿਚ ਨਤੀਜਾ ਆ ਜਾਵੇਗਾ। ਪ੍ਰਸ਼ਾਸਨ ਵੱਲੋਂ ਗਿਣਤੀ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਵੋਟਾਂ ਦੀ ਗਿਣਤੀ ਖਡੂਰ ਸਾਹਿਬ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਕਾਲਜ ਵਿਖੇ ਹੋਵੇਗੀ। ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਦਿੱਤੇ ਗਏ ਅਸਤੀਫ਼ੇ ਪਿੱਛੋਂ ਚੋਣ ਕਮਿਸ਼ਨ ਵੱਲੋਂ ਉਕਤ ਸੀਟ ਖ਼ਾਲੀ ਐਲਾਨ ਦਿੱਤੀ ਗਈ ਸੀ। ਪੋਲਿੰਗ ਲਈ ਵਰਤੀਆਂ ਗਈਆਂ ਈਵੀਐਮਜ਼ (ਇਲੈਕਟਰੋਨਿਕ ਵੋਟਿੰਗ ਮਸ਼ੀਨਾਂ) ਨੂੰ ਖਡੂਰ ਸਾਹਿਬ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਕਾਲਜ ਵਿਖੇ ਬਣਾਏ ਗਏ ਸਟਰਾਂਗ ਰੂਮ 'ਚ ਨੀਮ ਫ਼ੌਜੀ ਬਲਾਂ ਦੀ ਸੁਰੱਖਿਆ 'ਚ ਰੱਖਿਆ ਗਿਆ ਹੈ। ਇਨ੍ਹਾਂ ਮਸ਼ੀਨਾਂ ਨੂੰ ਭਲਕੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਹਾਜ਼ਰੀ 'ਚ ਖੋਲਿ੍ਹਆ ਜਾਵੇਗਾ। ਕਾਲਜ 'ਚ ਗਿਣਤੀ ਦੀ ਪ੍ਰਕਿਰਿਆ ਨੂੰ ਅੰਜਾਮ ਦੇਣ ਲਈ 14 ਟੇਬਲ ਸਥਾਪਤ ਕੀਤੇ ਗਏ ਹਨ, ਜਿਥੇ ਇਕ-ਇਕ ਸੁਪਰਵਾਈਜ਼ਰ ਤੇ ਆਬਜ਼ਰਵਰ ਤਾਇਨਾਤ ਹੋਵੇਗਾ। 28 ਵਿਅਕਤੀਆਂ ਦੇ ਸਟਾਫ ਵੱਲੋਂ ਕੀਤੀ ਜਾਣ ਵਾਲੀ ਗਿਣਤੀ ਨੂੰ ਵੇਖਣ ਲਈ ਉਮੀਦਵਾਰਾਂ ਵੱਲੋਂ ਅਕਾਊਟਿੰਗ ਏਜੰਟ ਵੀ ਬਿਠਾਏ ਜਾਣਗੇ।

ਗਿਣਤੀ ਦੀ ਪ੍ਰਕਿਰਿਆ ਸਵੇਰੇ 8 ਵਜੇ ਹਲਕੇ ਦੇ ਰਿਟਰਨਿੰਗ ਅਫਸਰ ਦੀ ਨਿਗਰਾਨੀ ਹੇਠ ਆਰੰਭ ਹੋ ਜਾਵੇਗੀ। ਵਰਨਣਯੋਗ ਹੈ ਕਿ ਇਸ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਵਿੰਦਰ ਸਿੰਘ ਬ੍ਰਹਮਪੁਰਾ, ਅਜ਼ਾਦ ਉਮੀਦਵਾਰਜ ਵੱਜੋਂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਡਾ. ਸੁਮੇਲ ਸਿੰਘ ਸਿੱਧੂ, ਅਨੰਤਜੀਤ ਸਿੰਘ ਸੰਧੂ, ਸੁਖਦੇਵ ਸਿੰਘ ਖੋਸਲਾ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਵੱਲੋਂ ਪੂਰਨ ਸਿੰਘ ਸ਼ੇਖ ਨੇ ਚੋਣ ਲੜੀ ਹੈ। ਤਰਨਤਾਰਨ ਜ਼ਿਲੇ੍ਹ ਦੇ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਮੀਦਵਾਰਾਂ ਦੀ ਹਾਜ਼ਰੀ 'ਚ 15 ਗੇੜਾਂ ਵਿਚ ਗਿਣਤੀ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ।