ਜਾਗਰਣ ਫੋਰਮ 2018

ਪ੍ਰਸ਼ਾਂਤ ਮਿਸ਼ਰ

ਸਦੀਆਂ ਤਕ ਵਿਸ਼ਵ ਨੂੰ ਗਿਆਨ, ਵਿਗਿਆਨ, ਨੈਤਿਕਤਾ ਅਤੇ ਸਾਰਥਕਤਾ ਦੀ ਰਾਹ ਵਿਖਾਉਣ ਵਾਲਾ ਭਾਰਤ ਹੁਣ ਫਿਰ ਤੋਂ ਖ਼ੁਦ ਨੂੰ ਭਾਲ ਰਿਹਾ ਹੈ। ਜ਼ਾਹਿਰ ਹੈ ਕਿ ਇਹ ਸਥਿਤੀ ਕਈ ਕਾਰਨਾਂ ਤੋਂ ਬਣੀ ਜਿਨ੍ਹਾਂ ਵਿਚ ਸ਼ਾਇਦ ਸਾਲਾਂ ਦੀ ਗ਼ੁਲਾਮੀ ਕਾਰਨ ਉਪਜੇ ਠਹਿਰਾਉ ਅਤੇ ਸੋਚ ਵੀ ਵੱਡਾ ਕਾਰਨ ਰਹੀ ਹੋਵੇ। ਖ਼ੈਰ, ਇਸ ਸਮੇਂ ਅਸੀਂ ਜਿਸ ਪੜਾਅ 'ਤੇ ਹਾਂ ਉਥੇ ਵੱਡਾ ਵਿਸ਼ਾ ਇਹ ਹੈ ਕਿ ਉਸ ਠਹਿਰਾਉ ਤੋਂ ਬਾਹਰ ਆਉਣ ਵਿਚ ਸਾਨੂੰ 70-72 ਸਾਲ ਕਿਉਂ ਲੱਗ ਰਹੇ ਹਨ। ਆਜ਼ਾਦੀ ਪ੍ਰਾਪਤੀ ਦੀ ਵੱਡੀ ਲੜਾਈ 'ਭਾਰਤ ਛੱਡੋ ਅੰਦੋਲਨ' ਤੋਂ ਲੈਕੇ ਹੁਣ ਤਕ ਜਾਗਰਣ ਸਮੂਹ ਭਾਰਤ ਦੇ ਇਸ ਯਮਵਾਰ ਕਦੇ ਹੌਲੀ ਅਤੇ ਕਦੇ ਤੇਜ਼ ਵਿਕਾਸ ਦਾ ਜਾਮਨ ਰਿਹਾ ਹੈ। ਇਸ ਨਾਤੇ ਕਿਹਾ ਜਾ ਸਕਦਾ ਹੈ ਕਿ ਹੁਣ ਸ਼ਾਇਦ ਰੱਥ ਦਾ ਪਹੀਆ ਤੇਜ਼ੀ ਨਾਲ ਘੁੰਮੇਗਾ। ਘੱਟ ਤੋਂ ਘੱਟ ਉਮੀਦ ਤਾਂ ਇਹੀ ਹੈ। ਇਸ ਉਮੀਦ ਦਾ ਠੋਸ ਆਧਾਰ ਵੀ ਹੈ-ਦੇਸ਼ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਅੱਗੇ ਖੜ੍ਹਾ ਕਰਨ ਦੀ ਨੌਜਵਾਨ ਸੋਚ, ਲੀਕ ਤੋਂ ਹੱਟ ਕੇ ਨਵੀਂ ਰਾਹ ਕੱਢਣ ਦਾ ਹੌਸਲਾ, ਰੂੜੀਆਂ ਨਾਲ ਟਕਰਾਉਣ ਦਾ ਜ਼ੁਰਅਤ ਅਤੇ ਹਰ ਸਮੱਸਿਆ ਨੂੰ ਹੱਲ ਕਰਨ ਦਾ ਉਤਸ਼ਾਹ...।

ਪਿਛਲੇ 75 ਸਾਲਾਂ 'ਚ ਜਾਗਰਣ ਨੇ ਆਸਮਾਨ ਨੂੰ ਛੂਹਿਆ ਹੈ। ਭਾਰਤ ਫਿਰ ਤੋਂ ਬੁਲੰਦੀਆਂ 'ਤੇ ਦਿਖੇ ਇਸ ਦੀ ਕਵਾਇਦ ਦੇਸ਼ ਦਾ ਹਰ ਨਾਗਰਿਕ ਕਰ ਰਿਹਾ ਹੈ ਅਤੇ ਉਸ ਨੂੰ ਸਹੀ ਦਿਸ਼ਾ ਦੇਣ ਲਈ ਹੀ ਜਾਗਰਣ ਫੋਰਮ ਵਿਚ 'ਯੁਵਾ ਉਮੀਦਾਂ ਦਾ ਭਾਰਤ' ਮੁੱਦਾ ਬਣਿਆ ਹੈ। ਦੋ ਦਿਨ ਤਕ ਇਸ ਵੱਡੇ ਮੰਚ ਤੋਂ ਰਾਜਨੀਤੀ, ਗਿਆਨ-ਵਿਗਿਆਨ, ਧਰਮ, ਨਿਆਂ, ਖੇਲ, ਕੂਟਨੀਤੀ ਵਰਗੇ ਹਰ ਉਸ ਪਹਿਲੂ 'ਤੇ ਸਾਰਥਕ ਚਰਚਾ ਹੋਵੇਗੀ ਜੋ ਸਮਾਜ ਅਤੇ ਦੇਸ਼ ਦਾ ਨਿਰਮਾਣ ਕਰਦੇ ਹਨ, ਨਵੀਂ ਸੋਚ ਦਾ ਸੰਚਾਰ ਕਰਦੇ ਹਨ ਅਤੇ ਅੱਗੇ ਵਧਣ ਨੂੰ ਪ੍ਰੇਰਿਤ ਕਰਦੇ ਹਨ। ਜਾਗਰਣ ਫੋਰਮ ਦੇ ਇਸ ਵਿਚਾਰ ਮੰਥਨ ਵਿਚ ਸਮਾਜ ਦੇ ਹਰ ਖੇਤਰ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਜੋ ਇਸ ਨੂੰ ਸਾਰਥਕ ਨਤੀਜੇ ਤਕ ਪਹੁੰਚਾਉਣਗੇ।

ਅਜੇ ਕੁਝ ਮਹੀਨੇ ਪਹਿਲੇ ਹੀ ਖ਼ਬਰ ਆਈ ਕਿ ਭਾਰਤ ਵਿਸ਼ਵ ਵਿਚ ਸਭ ਤੋਂ ਤੇਜ਼ ਵਿਕਾਸ ਦਰ ਹਾਸਲ ਕਰਨ ਵਾਲਾ ਦੇਸ਼ ਬਣ ਗਿਆ ਹੈ। ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਗਿਆ ਹੈ। ਪ੍ਰੰਪਰਿਕ ਹੀ ਨਹੀਂ ਡਿਜੀਟਲ ਅਰਥ-ਵਿਵਸਥਾ ਬਣਨ ਵੱਲ ਵੀ ਦੇਸ਼ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ। ਇਹ ਫਰਕ ਪਿਆ ਹੈ ਉਨ੍ਹਾਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਨਾਲ ਜਿਨ੍ਹਾਂ ਤੋਂ ਆਬਾਦੀ ਦੇ ਹੇਠਲੇ ਪੱਧਰ 'ਤੇ ਖੜ੍ਹੇ ਵਿਅਕਤੀਆਂ ਨੂੰ ਵੀ ਲਾਭ ਮਿਲਿਆ ਹੈ। ਭਲੇ ਹੀ ਉਹ ਜਨਧਨ ਖਾਤਾ ਹੋਵੇ ਜਾਂ ਫਿਰ ਸਬਸਿਡੀ ਦਾ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਜਾਣਾ ਜਾਂ ਮੁਦਰਾ ਲੋਨ ਦੀ ਸਕੀਮ। ਇਹ ਸਭ ਅਜਿਹੀਆਂ ਯੋਜਨਾਵਾਂ ਹਨ ਜਿਨ੍ਹਾਂ ਤੋਂ ਆਬਾਦੀ ਦਾ ਉਹ ਤਬਕਾ ਵੀ ਰਸਮੀ ਤੌਰ 'ਤੇ ਅਰਥ-ਵਿਵਸਥਾ ਦਾ ਹਿੱਸਾ ਬਣ ਗਿਆ ਹੈ ਜੋ ਆਜ਼ਾਦੀ ਪਿੱਛੋਂ ਹੁਣ ਤਕ ਇਸ ਤੋਂ ਬਾਹਰ ਰਿਹਾ ਹੈ। ਖੇਤਾਂ ਤੋਂ ਲੈ ਕੇ ਸਰਕਾਰੀ ਖਜ਼ਾਨੇ ਦੀ ਸਿਹਤ ਤਕ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਦੇ ਸਕਾਰਾਤਮਕ ਪਹਿਲੂਆਂ ਨੂੰ ਖੰਗਾਲਨ ਦੀ ਲੋੜ ਹੈ।

ਵੱਡੀ ਜਨਸੰਖਿਆ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਹੈ। ਇਸ ਨੂੰ ਵਿਕਾਸ ਦੀ ਰਾਹ ਵਿਚ ਵੱਡਾ ਅੜਿੱਕਾ ਮੰਨਿਆ ਜਾਂਦਾ ਹੈ। ਬਹੁਤ ਹੱਦ ਤਕ ਇਹ ਸੱਚ ਵੀ ਹੈ ਪ੍ਰੰਤੂ ਜਦੋਂ ਦੇਸ਼ ਦੀ 60 ਫ਼ੀਸਦੀ ਆਬਾਦੀ ਨੌਜਵਾਨ ਹੋਵੇ ਤਾਂ ਇਸ ਨੂੰ ਵਸੀਲਾ ਹੀ ਮੰਨਿਆ ਜਾਣਾ ਚਾਹੀਦਾ ਹੈ। ਇਹੀ ਨੌਜਵਾਨ ਸੁਪਨੇ ਵੀ ਵੇਖਦਾ ਹੈ ਅਤੇ ਉਸ ਨੂੰ ਅਮਲੀਜਾਮਾ ਪਹਿਨਾਉਣ ਦੀ ਸਮਰੱਥਾ ਵੀ ਰੱਖਦਾ ਹੈ। ਇਹ ਸ਼ਕਤੀ ਅਸੀਂ ਪਛਾਣ ਲਈ ਹੈ। ਰਾਜਨੀਤਕ ਪੱਧਰ 'ਤੇ ਜਿਸ ਕਦਰ ਇਸ ਵਰਗ ਲਈ ਰੁਝਾਨ ਵਧਿਆ ਹੈ ਉਹ ਇਸ ਨੂੰ ਸਾਬਿਤ ਵੀ ਕਰਦਾ ਹੈ। ਜ਼ਰੂਰਤ ਹੈ ਇਸ ਨੌਜਵਾਨ ਵਰਗ ਨੂੰ ਸੁਧਾਰਨ ਅਤੇ ਕੁਸ਼ਲ ਬਣਾਉਣ ਦੀ। ਲੰਬੇ ਇੰਤਜ਼ਾਰ ਪਿੱਛੋਂ ਇਸ ਦੀ ਸ਼ੁਰੂਆਤ ਹੋ ਗਈ ਹੈ। ਫਿਰ ਤੋਂ ਵਿਸ਼ਵ ਗੁਰੂ ਅਤੇ ਵਿਸ਼ਵ ਸ਼ਕਤੀ ਬਣਨ ਦੀ ਉਮੀਦ ਦੀ ਪਹਿਲੀ ਕਿਰਣ ਇਥੋਂ ਜਗਦੀ ਹੈ।

ਇਤਿਹਾਸ ਗਵਾਹ ਹੈ ਕਿ ਅੌਰਤਾਂ ਦੀ ਭਾਈਵਾਲੀ ਦੇ ਬਿਨਾਂ ਕੋਈ ਸਮਾਜ ਜਾਂ ਦੇਸ਼ ਅੱਗੇ ਨਹੀਂ ਵੱਧ ਸਕਿਆ। ਭਾਰਤ ਨੇ ਇਸ ਨੂੰ ਪਹਿਚਾਣਿਆ ਹੈ। ਪਰਿਵਾਰ ਤੋਂ ਲੈ ਕੇ ਦੇਸ਼ ਦੀਆਂ ਸੇਵਾਵਾਂ ਵਿਚ ਅੌਰਤਾਂ ਦੀ ਭੂਮਿਕਾ ਵਧੀ ਹੈ। ਅੱਧੀ ਆਬਾਦੀ ਨੂੰ ਮੌਕਾ ਮਿਲਿਆ ਤਾਂ ਅੱਗੇ ਵੱਧ ਕੇ ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਵਿਚ ਖ਼ੁਦ ਲੱਗ ਗਈ ਹੈ। ਵੱਡੀ ਪਹਿਲ ਹੈ ਅੌਰਤਾਂ ਨੂੰ ਅਧਿਕਾਰ ਸੰਪੰਨ ਅਤੇ ਸਨਮਾਨ ਦੇ ਨਾਲ ਖੜ੍ਹਾ ਕਰਨ ਦੀ। ਸੁਪਰੀਮ ਕੋਰਟ ਨੇ ਤੱਤਕਾਲ ਤਿੰਨ ਤਲਾਕ ਨੂੰ ਖ਼ਾਰਜ ਕਰਦੇ ਹੋਏ ਅੌਰਤਾਂ ਨੂੰ ਉਸੇ ਤਰ੍ਹਾਂ ਰੂੜ੍ਹੀਵਾਦੀਆਂ ਤੋਂ ਮੁਕਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਕਦੀ ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਤੋਂ ਆਜ਼ਾਦੀ ਦਿਵਾਈ ਸੀ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਹਾਲਾਂਕਿ ਸਾਨੂੰ ਬਹੁਤ ਲੰਬੀ ਛਾਲ ਲਗਾਉਣੀ ਹੋਵੇਗੀ। ਮੰਨਿਆ ਜਾ ਸਕਦਾ ਹੈ ਕਿ ਹੁਣ ਸਾਡਾ ਇਕ ਵੀ ਪਿੰਡ ਹਨੇਰੇ ਵਿਚ ਰਹਿਣ ਨੂੰ ਮਜਬੂਰ ਨਾ ਹੋਵੇ। ਪੀਣ ਵਾਲਾ ਪਾਣੀ, ਪਖਾਨੇ ਅਤੇ ਘਰ ਵਰਗੀ ਮੁਢਲੀ ਸਹੂਲਤ ਜਲਦੀ ਹੀ ਹਰ ਕਿਸੇ ਨੂੰ ਮੁਹੱਈਆ ਹੋਣ ਦੀ ਸੰਭਾਵਨਾ ਹੈ। ਹੁਣ ਸਾਨੂੰ ਅਜਿਹੇ ਰਾਸ਼ਟਰ ਦੇ ਰੂਪ ਵਿਚ ਨਹੀਂ ਵੇਖਿਆ ਜਾਏਗਾ ਜੋ ਅੱਤਵਾਦ ਨੂੰ ਚੁੱਪਚਾਪ ਸਹੇ। ਅਜੇ ਵੀ ਕੁਝ ਰੋੜੇ ਮੌਜੂਦ ਹਨ ਪ੍ਰੰਤੂ ਭਾਰਤ ਵਿਚ ਜੋ ਸੰਕਲਪ ਦਿੱਖ ਰਿਹਾ ਹੈ ਉਸ ਵਿਚ ਕਿਸੇ ਵੀ ਰੁਕਾਵਟ ਦਾ ਲੰਬੇ ਸਮੇਂ ਤਕ ਟਿਕਣਾ ਸੰਭਵ ਨਹੀਂ ਹੈ। ਜਾਗਰਣ ਸਮੂਹ ਨੂੰ ਉਮੀਦ ਹੈ ਕਿ ਜਾਗਰਣ ਫੋਰਮ ਭਾਰਤ ਦੀ ਉਭਰਦੀ ਤਸਵੀਰ ਨੂੰ ਵੀ ਪੇਸ਼ ਕਰੇਗਾ ਅਤੇ ਰੁਕਾਵਟਾਂ ਪ੍ਰਤੀ ਆਗਾਹ ਵੀ ਕਰੇਗਾ।