ਕੀਮਤਾਂ ਤੇ ਰਹੇਗਾ ਕੰਟਰੋਲ

ਉਪਭੋਗਤਾ ਮਾਮਲਿਆਂ ਦਾ ਮੰਤਰਾਲਾ ਕਰ ਰਿਹਾ ਇਸ 'ਤੇ ਵਿਚਾਰ

ਭੰਡਾਰ ਬਣਾਉਣ ਲਈ ਕੀਤਾ ਜਾਏਗਾ ਪੀਐਸਐਫ ਦਾ ਇਸਤੇਮਾਲ

ਨਵੀਂ ਦਿੱਲੀ (ਆਈਏਐਨਐਸ) : ਕਿਤੇ ਇਸ ਸਾਲ ਵੀ ਪਿਆਜ਼ ਦੀ ਕੀਮਤ ਮੁੜ ਅਸਮਾਨੀਂ ਨਾ ਚੜ੍ਹ ਜਾਏ ਇਸਨੂੰ ਰੋਕਣ ਲਈ ਉਪਭੋਗਤਾ ਮਾਮਲਿਆਂ ਦਾ ਮੰਤਰਾਲਾ ਪਿਆਜ਼ ਦਾ ਬਫਰ ਸਟਾਕ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ। ਦਾਲ ਦਾ ਬਫਰ ਸਟਾਰ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ। ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਮੰਤਰਾਲਾ ਕਦਮ ਉਠਾ ਰਿਹਾ ਹੈ। ਇਨ੍ਹਾਂ ਵਿਚ ਸਮੇਂ ਸਿਰ ਦਾਲਾਂ ਤੇ ਪਿਆਜ਼ ਦੀ ਦਰਾਮਦ ਕਰਨਾ ਵੀ ਸ਼ਾਮਲ ਹੈ।

ਭਾਵੇਂ ਪਿਆਜ਼ ਦੀ ਕੀਮਤ ਅਜੇ ਹੇਠਾਂ ਹੀ ਹਨ ਪਰ ਪਿਛਲੇ ਸਾਲ ਕੁਝ ਸਮੇਂ ਲਈ ਇਹ 80 ਰੁਪਏ ਕਿਲੋ ਦਾ ਅੰਕੜਾ ਪਾਰ ਕਰ ਗਈ ਸੀ। ਮੁੜ ਅਜਿਹੇ ਹਾਲਾਤ ਪੈਦਾ ਹੋਣੋਂ ਰੋਕਣ ਲਈ ਸਰਕਾਰ ਨੇ ਸਿੱਧੇ ਕਿਸਾਨਾਂ ਤੋਂ 2300 ਟਨ ਪਿਆਜ਼ ਖਰੀਦਿਆ ਹੈ। ਪਿਆਜ਼ ਦਾ ਬਫਰ ਸਟਾਕ 900 ਕਰੋੜ ਰੁਪਏ ਦੇ ਕੀਮਤ ਸਥੀਰੀਕਰਣ ਫੰਡ (ਪੀਐਸਐਫ) ਦਾ ਇਸਤੇਮਾਲ ਕਰਕੇ ਬਣਾਇਆ ਜਾ ਰਿਹਾ ਹੈ।

ਜਿੱਥੋਂ ਤੱਕ ਅਰਹਰ ਤੇ ਮਾਂਹ ਦੀ ਦਾਲ ਦਾ ਸਵਾਲ ਹੈ ਤਾਂ ਇਨ੍ਹਾਂ ਦੀਆਂ ਕੀਮਤਾਂ ਇਸ ਸਾਲ ਪਰਚੂਨ ਬਜ਼ਾਰ ਵਿਚ 200 ਰੁਪਏ ਕਿਲੋ ਤੱਕ ਪਹੁੰਚ ਗਈਆਂ ਹਨ। ਇਸਤੋਂ ਬਾਅਦ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੇ ਬਜ਼ਾਰ ਵਿਚ ਦਖਲ ਦਿੱਤਾ। ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਾਲਾਂ ਦੀ ਮਹਿੰਗਾਈ ਰੋਕਣ ਲਈ ਕੇਂਦਰ ਨੇ ਬਫਰ ਸਟਾਕ 'ਚੋਂ ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਤਾਮਿਲਨਾਡੂ ਨੂੰ ਲੋੜੀਂਦੀ ਮਾਤਰਾ ਵਿਚ ਅਰਹਰ ਤੇ ਮਾਂਹ ਦੀ ਦਾਲ ਜਾਰੀ ਕੀਤੀ ਹੈ। ਇਸਦੀ ਵਿਕਰੀ 120 ਰੁਪਏ ਕਿਲੋ ਦੀ ਦਰ ਨਾਲ ਕੀਤੀ ਜਾਏਗੀ। ਦਿੱਲੀ ਵਿਚ ਮਦਰ ਡੇਅਰੀ ਦੀ ਰਿਟੇਲ ਚੇਨ ਸਫਲ ਨੂੰ ਸਬਸਿਡੀ ਵਾਲੀ ਦਰ ਤੇ ਅਰਹਰ ਤੇ ਉੜਦ ਦਾਲ ਦੀ ਵਿਕਰੀ ਕਰਨ ਲਈ ਕਿਹਾ ਗਿਆ ਹੈ।

ਕੇਂਦਰ ਸਰਕਾਰ ਨੇ 50 ਹਜ਼ਾਰ ਟਨ ਦਾਲਾਂ ਦਾ ਬਫਰ ਸਟਾਕ ਤਿਆਰ ਕੀਤਾ ਹੈ। ਸਰਕਾਰ ਇਸਦੇ ਲਈ ਇਕ ਲੱਖ ਟਨ ਛੋਲੇ ਤੇ ਮਸਰ ਦਾਲ ਵੀ ਖਰੀਦੇਗੀ। ਇਸਤੋਂ ਇਲਾਵਾ ਜਮ੍ਹ੍ਵਾਂਖੋਰੀ ਰੋਕਣ ਲਈ ਕੇਂਦਰ ਨੇ ਰਾਜਾਂ ਨੂੰ ਦਾਲਾਂ ਤੇ ਸਟਾਕ ਲਿਮਟ ਲਗਾਉਣ ਦਾ ਅਧਿਕਾਰ ਵੀ ਦੇ ਦਿੱਤਾ ਹੈ। ਸੋਕੇ ਦੇ ਕਾਰਨ ਦਾਲਾਂ ਦਾ ਘਰੇਲੂ ਉਤਪਾਦਨ ਘਟਿਆ ਹੈ। ਕਮੀ ਨੂੰ ਪੂਰਾ ਕਰਨ ਲਈ ਸਰਕਾਰੀ ਏਜੰਸੀਆਂ ਰਾਹੀਂ ਦਾਲਾਂ ਦੀ ਦਰਾਮਦ ਵੀ ਸ਼ੁਰੂ ਕਰ ਦਿੱਤੀ ਹੈ।