ਸਟੇਟ ਬਿਊਰੋ, ਸ੍ਰੀਨਗਰ : ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਚੇਅਰਮੈਨ ਸਯਦ ਅਲੀ ਸ਼ਾਹ ਗਿਲਾਨੀ ਨੂੰ ਦਿੱਲੀ 'ਚ ਵੀਰਵਾਰ ਨੂੰ ਦਿਲ ਦਾ ਦੌਰਾ ਪੈ ਗਿਆ। ਫਿਲਹਾਲ ਉਹ ਦਿੱਲੀ ਸਥਿਤ ਮੈਕਸ ਹਸਪਤਾਲ 'ਚ ਡਾਕਟਰਾਂ ਦੀ ਨਿਗਰਾਨੀ 'ਚ ਹਨ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਗਿਲਾਨੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਟਵਿਟਰ 'ਤੇ ਲਿਖਿਆ ਕਿ ਪਤਾ ਚੱਲਿਆ ਹੈ ਕਿ ਗਿਲਾਨੀ ਦੀ ਤਬੀਅਤ ਵਿਗੜ ਗਈ ਹੈ। ਗਿਲਾਨੀ ਦੇ ਪੁੱਤਰ ਨਸੀਮ ਗਿਲਾਨੀ ਨੇ ਜਾਗਰਣ ਨੂੰ ਫੋਨ 'ਤੇ ਆਪਣੇ ਪਿਤਾ ਨੂੰ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਫਰਵਰੀ ਮਹੀਨੇ ਦੌਰਾਨ ਦਿੱਲੀ ਵਿਚ ਸਿਹਤ ਦੀ ਜਾਂਚ ਲਈ ਗਏ ਸਨ। ਉਹ ਉੱਥੇ ਮਾਲਵੀਆ ਨਗਰ ਵਿਚ ਉਨ੍ਹਾਂ ਦੀ ਭੈਣ ਕੋਲ ਰੁਕੇ ਹੋਏ ਸਨ। ਗਿਲਾਨੀ ਨੂੰ ਉਨ੍ਹਾਂ ਦੀ ਧੀ ਸਵੇਰੇ ਨਿਯਮਿਤ ਜਾਂਚ ਲਈ ਐਸਕਾਰਟ ਹਸਪਤਾਲ ਲੈ ਗਈ। ਉਥੇ ਸਾਰੇ ਟੈਸਟ ਠੀਕ ਪਾਏ ਗਏ ਅਤੇ ਵਾਪਸ ਮਾਲਵੀਆ ਨਗਰ ਪਰਤ ਆਏ। ਘਰ ਆਉਣ ਤੋਂ ਕੁਝ ਦੇਰ ਬਾਅਦ ਹੁਰੀਅਤ ਨੇਤਾ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੀ ਧੀ ਉਨ੍ਹਾਂ ਨੂੰ ਮੈਕਸ ਹਸਪਤਾਲ ਲੈ ਗਈ। ਡਾਕਟਰਾਂ ਨੇ ਗਿਲਾਨੀ ਨੂੰ ਆਈਸੀਯੂ ਵਿਚ ਦਾਖ਼ਲ ਕਰ ਲਿਆ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ।