-ਉੜੀਸਾ ਦੀ ਚਾਂਦੀਪੁਰ ਰੇਂਜ 'ਚ 70 ਕਿਮੀ ਉੱਡ ਕੇ ਟੀਚੇ ਤਕ ਪੁੱਜਾ

-ਸਰਕਾਰ ਦਾ ਦਾਅਵਾ, ਜਲਦੀ ਹਥਿਆਰਬੰਦ ਫ਼ੌਜਾਂ ਨੂੰ ਸੌਂਪਿਆ ਜਾਵੇਗਾ

ਨਵੀਂ ਦਿੱਲੀ (ਪੀਟੀਆਈ) : ਇਕ ਅਨੋਖੀ ਉਪਲੱਬਧੀ ਤਹਿਤ ਡੀਆਰਡੀਓ (ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ) ਨੇ ਆਪਣਾ ਗਲਾਈਡ ਬੰਬ ਬਣਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜਲਦੀ ਇਸ ਨੂੰ ਹਥਿਆਰਬੰਦ ਫ਼ੌਜਾਂ ਦੇ ਸਪੁਰਦ ਕੀਤਾ ਜਾਵੇਗਾ। ਇਸ ਨਾਲ ਫ਼ੌਜਾਂ ਦੀ ਮਾਰਕ ਸਮਰੱਥਾ ਵਿਚ ਵਿਆਪਕ ਵਾਧਾ ਹੋਵੇਗਾ।

ਸੂਤਰਾਂ ਨੇ ਦੱਸਿਆ ਕਿ ਓਡੀਸ਼ਾ ਦੀ ਚਾਂਦੀਪੁਰ ਰੇਂਜ ਵਿਚ ਸਮਾਰਟ ਐਂਟੀ ਫੀਲਡ ਵੇਪਨ (ਸ਼ਾ) ਦਾ ਪ੍ਰੀਖਣ ਕੀਤਾ ਗਿਆ। ਇਸ ਨੂੰ ਇਕ ਲੜਾਕੂ ਜਹਾਜ਼ ਤੋਂ ਨਿਸ਼ਾਨੇ ਵੱਲ ਛੱਡਿਆ ਗਿਆ। ਬੰਬ 70 ਕਿਲੋਮੀਟਰ ਉੱਡ ਕੇ ਨਿਸ਼ਾਨੇ ਤਕ ਪੁੱਜਾ। ਨਿਸ਼ਾਨਾ ਬਿਲਕੁੱਲ ਠੀਕ ਰਿਹਾ। ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਦੂਰ ਦੇ ਨਿਸ਼ਾਨੇ 'ਤੇ ਮਾਰ ਕਰਨ ਵਿਚ 'ਸ਼ਾ' ਦਾ ਕੋਈ ਬਦਲ ਨਹੀਂ ਹੈ। ਅਜੇ ਇਸ ਦਾ ਪ੍ਰੀਖਣ ਕੀਤਾ ਗਿਆ ਹੈ। ਇਸ ਵਿਚ ਕੁਝ ਹੋਰ ਸੁਧਾਰ ਕਰਨ ਦੇ ਬਾਅਦ ਹੀ ਫ਼ੌਜ ਦੇ ਸਪੁਰਦ ਕੀਤਾ ਜਾਵੇਗਾ। ਪ੍ਰੀਖਣ ਦੌਰਾਨ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਬੰਬ ਲਈ ਜੋ ਟੀਚਾ ਨਿਰਧਾਰਤ ਕੀਤਾ ਗਿਆ ਸੀ ਉਹ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ। ਯਾਨੀ ਮਾਰਕ ਸਮਰੱਥਾ ਦੇ ਮਾਮਲੇ 'ਚ ਇਹ ਬੇਜੋੜ ਹੈ। ਇਸ ਨੂੰ ਬਣਾਉਣ ਵਿਚ ਹਵਾਈ ਫ਼ੌਜ ਨੇ ਵੀ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਹਵਾਈ ਫ਼ੌਜ ਅਤੇ ਡੀਆਰਡੀਓ ਦੇ ਅਧਿਕਾਰੀਆਂ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ ਹੈ।

ਰਿਸਰਚ ਅਤੇ ਡਿਵੈਲਪਮੈਂਟ ਮਹਿਕਮੇ ਦੇ ਸਕੱਤਰ ਐੱਸ ਿਯਸਟੋਫਰ ਅਤੇ ਡੀਆਰਡੀਓ ਦੇ ਮਿਜ਼ਾਈਲ ਅਤੇ ਰਣਨੀਤਕ ਸਿਸਟਮ ਦੇ ਡਾਇਰੈਕਟਰ ਜਨਰਲ ਜੀ ਸਥੀਸ਼ ਰੈੱਡੀ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਤਿੰਨ ਪ੍ਰੀਖਣ ਕੀਤੇ ਗਏ ਜੋ ਸਫ਼ਲ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਬੰਬ ਕਾਫ਼ੀ ਹਲਕਾ ਹੈ ਜਿਸ ਕਰਕੇ ਇਸ ਨੂੰ ਲਿਆਉਣ ਅਤੇ ਲਿਜਾਣ ਵਿਚ ਪਰੇਸ਼ਾਨੀ ਨਹੀਂ ਹੋਵੇਗੀ।