-ਅਮਰੀਕੀ ਥਿੰਕ ਟੈਂਕ ਦੀ ਰਿਪੋਰਟ

ਵਾਸ਼ਿੰਗਟਨ (ਪੀਟੀਆਈ) : ਭਾਰਤ 'ਚ ਅੌਰਤਾਂ ਦੇ ਕੰਮ ਕਰਨ ਦੇ ਲਿਹਾਜ਼ ਨਾਲ ਸੰਸਾਰ 'ਚ ਕੌਮੀ ਰਾਜਧਾਨੀ ਦਿੱਲੀ ਦਾ ਅਕਸ ਚੰਗਾ ਨਹੀਂ ਹੈ। ਇਸ ਮਾਮਲੇ 'ਚ ਸਿੱਕਮ ਨੂੰ ਜਿਥੇ ਦੇਸ਼ 'ਚ ਸਰਵਸ਼੍ਰੇਸਠ ਮੰਨਿਆ ਗਿਆ ਹੈ ਉਥੇ ਦਿੱਲੀ ਹੇਠਲੇ ਸਥਾਨ 'ਤੇ ਹੈ। ਅਮਰੀਕੀ ਥਿੰੰਕ ਟੈਂਕ ਸੈਂਟਰ ਫਾਰ ਸਟੇ੍ਰਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਤੇ ਨਾਥਨ ਐਸੋਸੀਏਸ਼ਨ ਦੀ ਰਿਪੋਰਟ 'ਚ ਸਿੱਕਮ ਨੂੰ ਸਭ ਤੋਂ ਜ਼ਿਆਦਾ 40 ਅਤੇ ਦਿੱਲੀ ਨੂੰ ਸਭ ਤੋਂ ਘੱਟ 8.5 ਅੰਕ ਮਿਲੇ ਹਨ। ਰਿਪੋਰਟ ਅਨੁਸਾਰ ਕੰਮਕਾਜ ਦੇ ਲਿਹਾਜ਼ ਨਾਲ ਸਿੱਕਮ ਅੌਰਤਾਂ ਨੂੰ ਸਭ ਤੋਂ ਵੱਧ ਪਸੰਦੀਦਾ ਹੈ। ਇਸ ਦੀ ਵਜ੍ਹਾ ਦਫ਼ਤਰਾਂ 'ਚ ਮਹਿਲਾ ਕਰਮਚਾਰੀਆਂ ਦੀ ਵੱਧ ਹਿੱਸੇਦਾਰੀ, ਕੰਮ ਕਰਨ ਦੇ ਘੰਟਿਆਂ ਨੂੰ ਲੈ ਕੇ ਪਾਬੰਦੀ ਨਾ ਹੋਣਾ ਤੇ ਅੌਰਤਾਂ ਦੇ ਖ਼ਿਲਾਫ਼ ਅਪਰਾਧ ਨੂੰ ਲੈ ਕੇ ਕਾਰਵਾਈ ਦੀ ਉੱਚ ਦਰ ਹੈ। ਦਿੱਲੀ ਇਸ ਸੂਚੀ 'ਚ ਅੰਤਿਮ ਸਥਾਨ 'ਤੇ ਹੈ। ਇਸ ਦਾ ਮੁੱਖ ਕਾਰਨ ਨਿਆਂ ਮਿਲਣ ਦੀ ਘੱਟ ਦਰ, ਦਫ਼ਤਰ 'ਚ ਅੌਰਤਾਂ ਦੀ ਘੱਟ ਹਿੱਸੇਦਾਰੀ, ਕਈ ਖੇਤਰਾਂ 'ਚ ਰਾਤ ਸਮੇਂ ਕੰਮ ਕਰਨ ਨੂੰ ਲੈ ਕੇ ਪਾਬੰਦੀ ਹੈ। ਰਿਪੋਰਟ ਮੁਤਾਬਕ ਚਾਰ ਰਾਜ (ਸਿੱਕਮ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ) ਨੇ ਕਾਰਖਾਨਿਆਂ, ਰਿਟੇਲ ਤੇ ਆਈਟੀ ਖੇਤਰਾਂ 'ਚ ਰਾਤ ਨੂੰ ਅੌਰਤਾਂ ਦੇ ਕੰਮ ਕਰਨ 'ਤੇ ਲੱਗੀ ਹਰ ਤਰ੍ਹਾਂ ਦੀ ਪਾਬੰਦੀ ਨੂੰ ਹਟਾ ਦਿੱਤਾ ਹੈ।

ਕੀ ਸੀ ਪੈਮਾਨਾ?

ਸੂਬਿਆਂ ਦੀ ਰੈਂਕਿੰਗ ਲਈ ਮਾਪਦੰਡ ਤੈਅ ਕੀਤੇ ਗਏ ਸਨ। ਪਹਿਲਾ ਕਾਰਖਾਨਿਆਂ, ਪ੍ਰਚੂਨ ਖੇਤਰ ਤੇ ਆਈਟੀ ਉਦਯੋਗ 'ਚ ਅੌਰਤਾਂ ਦੇ ਕੰਮਕਾਜੀ ਘੰਟੇ। ਦੂਜਾ ਸਰੀਰਕ ਸ਼ੋਸ਼ਣ ਵਰਗੇ ਜੁਰਮਾਂ ਨੂੰ ਲੈ ਕੇ ਨਿਆਂ ਪ੍ਰਬੰਧ ਦੀ ਤੁਰੰਤ ਪ੍ਰਕਿਰਿਆ। ਤੀਜਾ ਕੁਲ ਕਰਮਚਾਰੀਆਂ 'ਚ ਮਹਿਲਾ ਕਰਮਚਾਰੀਆਂ ਦੀ ਹਿੱਸੇਦਾਰੀ। ਚੌਥਾ ਉਦਯੋਗਿਕ ਨੀਤੀਆਂ 'ਚ ਮਹਿਲਾ ਉੱਦਮੀਆਂ ਵਾਸਤੇ ਹੱਲਾਸ਼ੇਰੀ।

ਸਭ ਤੋਂ ਘੱਟ ਕਰਮੀ

ਰਿਪੋਰਟ ਅਨੁਸਾਰ, ਭਾਰਤ 'ਚ ਮਹਿਲਾ ਕਰਮਚਾਰੀਆਂ ਦੀ ਹਿੱਸੇਦਾਰੀ ਦੁਨੀਆ 'ਚ ਸਭ ਤੋਂ ਘੱਟ ਹੈ। ਉਨ੍ਹਾਂ ਦੀ ਹਿੱਸੇਦਾਰੀ ਮਹਿਜ਼ 24 ਫ਼ੀਸਦੀ ਹੈ।

ਪਹਿਲੇ ਦਸ ਸੂਬੇ

ਸੂਬਾ ਅੰਕ

ਸਿੱਕਮ 40

ਤੇਲੰਗਾਨਾ 28.5

ਪੁੱਡੂਚੇਰੀ 25.6

ਕਰਨਾਟਕ 24.7

ਹਿਮਾਚਲ ਪ੍ਰਦੇਸ਼ 24.2

ਆਂਧਰਾ ਪ੍ਰਦੇਸ਼ 24

ਕੇਰਲ 22.2

ਮਹਾਰਾਸ਼ਟਰ 21.4

ਤਾਮਿਲਨਾਡੂ 21.1

ਛੱਤੀਸਗੜ੍ਹ 21.1