-ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ ਦੀ ਬਜਾਏ ਪੈਸੇ ਦੀ ਦੁਰਵਰਤੋਂ ਕੀਤੀ ਅੰਨ੍ਹੇਵਾਹ

ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਫੇਜ਼-1 'ਚ ਰਹਿਣ ਵਾਲੇ ਐੱਚਈ ਦੇ ਮਕਾਨ ਮਾਲਕਾਂ ਦੀ ਮੰਗ 'ਤੇ ਫੇਜ਼-1 ਦੇ ਪਾਰਕਾਂ ਦੀ ਦਸ਼ਾ ਸੁਧਾਰਨ ਅਤੇ ਹੋਰ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਮੱਦੇਨਜ਼ਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹਾਂਸ, ਸੰਯੁਕਤ ਕਮਿਸ਼ਨਰ ਅਵਨੀਤ ਕੌਰ, ਸਹਾਇਕ ਕਮਿਸ਼ਨਰ ਸਰਬਜੀਤ ਸਿੰਘ, ਐਕਸੀਅਨ ਨਰਿੰਦਰ ਸਿੰਘ ਦਾਲਮ, ਐੱਸਡੀਓ ਸੁਖਵਿੰਦਰ ਸਿੰਘ ਅਤੇ ਮੁਕੇਸ਼ ਗਰਗ ਨੂੰ ਨਾਲ ਲੈ ਕੇ ਫੇਜ਼-1 ਦੇ ਪਾਰਕਾਂ ਦਾ ਦੌਰਾ ਕੀਤਾ ਜਿਸ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਅਤੇ ਸ਼ਹਿਰ ਦੀਆਂ ਹੋਰਨਾਂ ਥਾਵਾਂ ਦਾ ਵੀ ਦੌਰਾ ਕੀਤਾ।

ਇਸ ਮੌਕੇ ਵਿਧਾਇਕ ਸਿੱਧੂ ਨੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਥਾਂ 'ਤੇ ਮਰਹੂਮ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ 3 ਦਸੰਬਰ 1974 ਨੂੰ ਉਸ ਵੇਲੇ ਦੇ ਰਾਸ਼ਟਰਪਤੀ ਫ਼ਖਰੂਦੀਨ ਅਲੀ ਅਹਿਮਦ ਨਾਲ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਅਤੇ 304 ਮਕਾਨਾਂ ਦਾ ਉਦਘਾਟਨ ਕੀਤਾ ਸੀ ਅਤੇ ਉਨ੍ਹਾਂ ਦੀ ਇੱਛਾ ਸ਼ਹਿਰ ਨੂੰ ਦੇਸ਼ ਦੇ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦੀ ਸੀ ਪਰ ਸ਼ਹਿਰ ਦਾ ਵਿਕਾਸ ਤਾਂ ਕੀ ਕਰਨਾ ਸੀ, ਸਗੋਂ ਉਨ੍ਹਾਂ ਵੱਲੋਂ ਰੱਖੇ ਨੀਂਹ-ਪੱਥਰ ਦੀ ਹਾਲਤ ਵੀ ਬਦਤਰ ਹੋਈ ਪਈ ਹੈ ਜਿਸ ਦਾ ਵਿਧਾਇਕ ਸਿੱਧੂ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ। ਵਿਧਾਇਕ ਸਿੱਧੁੂ ਨੇ ਇਸ ਮੌਕੇ ਕਿਹਾ ਕਿ ਸ਼੫ੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਤਰਸੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ ਦੀ ਬਜਾਏ ਪੈਸੇ ਦੀ ਅੰਨ੍ਹੇਵਾਹ ਦੁਰਵਰਤੋਂ ਕੀਤੀ। ਕੁਝ ਥਾਵਾਂ 'ਤੇ ਨਵੇਂ ਬਣੇ ਫੁੱਟਪਾਥਾਂ ਅਤੇ ਸੜਕਾਂ ਨੂੰ ਮੁੜ-ਮੁੜ ਤੋੜ ਕੇ ਬਣਾਇਆ ਗਿਆ ਜਦਕਿ ਲੋੜ ਵਾਲੀਆਂ ਥਾਵਾਂ 'ਤੇ ਨਾ ਤਾਂ ਨਵੀਆਂ ਸੜਕਾਂ ਅਤੇ ਨਾ ਹੀ ਨਵੇਂ ਫੁੱਟਪਾਥ ਜਾਂ ਉਨ੍ਹਾਂ ਦੀ ਮੁਰੰਮਤ ਆਦਿ ਕੀਤੀ ਗਈ। ਉਨ੍ਹਾਂ ਕਿਹਾ ਕਿ ਫੇਜ਼-1 ਦੇ ਪਾਰਕਾਂ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ। ਹੁਣ ਅਜਿਹੇ ਪਾਰਕਾਂ ਦੀ ਦੁਰਦਸ਼ਾ ਪਹਿਲ ਦੇ ਆਧਾਰ 'ਤੇ ਠੀਕ ਕਰਵਾਈ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾ ਕੇ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।

ਫੇਜ਼-1 ਦੇ ਐੱਚਈ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਨੇ ਵਿਧਾਇਕ ਸਿੱਧੂ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਵਿਚ ਉਨ੍ਹਾਂ ਪਾਰਕਾਂ ਦੀ ਦਸ਼ਾ ਸੁਧਾਰਨ ਅਤੇ ਓਪਨ ਜਿੰਮ ਦੀ ਸੁਵਿਧਾ ਦੇਣ ਦੀ ਮੰਗ ਵੀ ਕੀਤੀ। ਪਾਰਕ ਵਿਚ ਬੱਚਿਆਂ ਲਈ ਝੂਲੇ ਅਤੇ ਬੈਠਣ ਲਈ ਬੈਂਚ ਲਗਾਉਣ, ਫੁੱਟਪਾਥਾਂ ਅਤੇ ਗਲੀਆਂ ਦੀ ਸਾਫ਼-ਸਫ਼ਾਈ, ਚੌਰਾਹਿਆਂ ਵਿਚ ਸਪੀਡ ਬਰੇਕਰ, ਸੜਕਾਂ ਤੇ ਘਰਾਂ ਦੇ ਨਾਲ ਲੱਗਦੇ ਦਰੱਖਤਾਂ ਦੀ ਟਰਿਮਿੰਗ ਕਰਵਾਉਣ, ਸਟਰੀਟ ਲਾਈਟਾਂ ਦੀ ਗਿਣਤੀ ਵਧਾਉਣ ਸਮੇਤ ਐੱਚਈ ਦੇ ਮਕਾਨਾਂ ਵਿਚ ਨੀਡ ਬੇਸ ਅਨੁਸਾਰ ਉਸਾਰੀ ਨੂੰ ਰੈਗੂਲਰਾਈਜ਼ ਕਰਵਾਉਣ ਅਤੇ ਇਸ ਸਬੰਧੀ ਪੱਕੀ ਪਾਲਿਸੀ ਬਣਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਵਿਧਾਇਕ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਕੌਂਸਲਰ ਸੁਮਨ ਗਰਗ, ਗੁਰਚਰਨ ਸਿੰਘ ਭਮਰਾ, ਸੁਰਿੰਦਰ ਕੁਮਾਰ, ਚਰਨਜੀਤ ਸਿੰਘ ਚੰਨੀ, ਐੱਨ ਕੇ ਸੂਦ, ਰਾਮਪਾਲ ਸਿੰਘ, ਜਸਪਾਲ ਸਿੰਘ, ਡੀ ਕੇ ਵਲਹੋਤਰਾ, ਆਰ ਕੇ ਜੈਨ, ਸੁਨੀਲ ਕੁਮਾਰ ਪਿੰਕਾ, ਕਰਨੈਲ ਸਿੰਘ, ਨੀਲਮ ਰਾਣੀ, ਕੁਲਜਿੰਦਰ ਕੌਰ, ਜਸਪਾਲ ਕੌਰ ਅਤੇ ਸਨੇਹ ਲਤਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

------------

8ਸੀਐਚਡੀ50ਪੀ

ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਫੇਜ਼-1 ਦੇ ਐੱਚਈ ਮਕਾਨਾਂ ਨਾਲ ਲੱਗਦੇ ਖਸਤਾ ਹਾਲਤ ਪਾਰਕਾਂ ਦਾ ਜਾਇਜ਼ਾ ਲੈਂਦੇ ਹੋਏ।