-ਮਿੱਟੀ ਵਿਚੋਂ ਉਪਜਾਊ ਸ਼ਕਤੀ ਦਾ ਹੋ ਰਿਹੈ ਸੱਤਿਆਨਾਸ

-ਆਮ ਆਦਮੀ ਪਾਰਟੀ ਨੇ ਡੀਸੀ ਨੂੰ ਕੀਤੀ ਸ਼ਿਕਾਇਤ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ :

ਜ਼ਿਲ੍ਹੇ ਵਿਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਿਸ 'ਤੇ ਆਮ ਆਦਮੀ ਪਾਰਟੀ ਨੇ ਡੀਸੀ ਨੂੰ ਮੰਗ ਪੱਤਰ ਦੇ ਕੇ ਕੁਦਰਤੀ ਸ੍ਰੋਤਾਂ ਨੂੰ ਬਚਾਉਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਡੇਰਾਬੱਸੀ ਵਿਖੇ ਵੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਕ ਪ੫ੈੱਸ ਕਾਨਫ਼ਰੰਸ ਕੀਤੀ ਸੀ ਜਿਸ ਵਿਚ ਨਾਜਾਇਜ਼ ਮਾਈਨਿੰਗ ਬਾਰੇ ਸਵਾਲ ਖੜ੍ਹੇ ਕੀਤੇ ਗਏ ਸਨ। ਆਪਣੀ ਸ਼ਿਕਾਇਤ ਵਿਚ ਕੰਵਰ ਸੰਧੂ ਅਤੇ ਜ਼ਿਲ੍ਹਾ ਪ੫ਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਖਰੜ ਅਤੇ ਡੇਰਾਬੱਸੀ ਹਲਕੇ ਦੇ ਕਈ ਪਿੰਡਾਂ ਵਿਚ ਰੇਤਾ, ਬੱਜਰੀ ਅਤੇ ਮਿੱਟੀ ਦੀ ਗੈਰ-ਕਾਨੂੰਨੀ ਨਿਕਾਸੀ ਹੋ ਰਹੀ ਹੈ ਜਿਸ 'ਤੇ ਪ੫ਸ਼ਾਸਨ ਲਗਾਮ ਨਹੀਂ ਲਗਾ ਰਿਹਾ ਹੈ। ਇਸ ਨਾਲ ਸਬੰਧਤ ਮਾਫੀਆ ਦੀ ਜੇ ਕੋਈ ਵਿਅਕਤੀ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਪੁਲਿਸ ਅਤੇ ਪ੍ਰਸ਼ਾਸਨ ਰਾਹੀਂ ਡਰਾਇਆ ਧਮਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਿਜ਼ਰਾਬਾਦ ਤੇ ਮਾਜਰੀ ਦੇ ਇਲਾਕੇ ਵਿਚ ਸਰਕਾਰੀ ਜ਼ਮੀਨਾਂ ਵਿਚੋਂ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ।

ਇਸ ਕਾਰਨ ਉੱਥੇ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਰਹਿਣ ਲਈ ਵੀ ਭਾਰੀ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਜਾਣਗੀਆਂ। ਆਗੂਆਂ ਦਾ ਕਹਿਣਾ ਹੈ ਕਿ ਹਾਲਾਤ ਐਨੇ ਨਾਜ਼ੁਕ ਸਥਿਤੀ ਵੱਲ ਇਸ਼ਾਰਾ ਕਰਦੇ ਹਨ ਕਿ ਹੁਣ ਬਲਾਕ ਮਾਜਰੀ ਦੇ ਪਿੰਡ ਤਿਉੜ, ਸਲੇਮਪੁਰ ਤੇ ਸੈਣੀ ਮਾਜਰਾ ਵਿਖੇ ਵੀ ਮਾਫ਼ੀਆ ਨੇ ਮਿੱਟੀ ਦੀ ਪੁਟਾਈ ਕਰ ਕੇ ਜ਼ਮੀਨ ਦਾ ਸੱਤਿਆਨਾਸ ਕਰ ਦਿੱਤਾ ਹੈ ਜਿਸ ਵੱਲ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 4 ਮਹੀਨੇ ਪਹਿਲਾਂ ਡੀਸੀ ਨੇ ਖਿਜ਼ਰਾਬਾਦ ਦਾ ਦੌਰਾ ਕੀਤਾ ਸੀ ਤਾਂ ਉਥੇ ਉਸ ਸਮੇਂ ਨਾਜਾਇਜ਼ ਮਾਈਨਿੰਗ ਬੰਦ ਹੋ ਗਈ ਸੀ ਪਰ ਹੁਣ ਇਹ ਗੈਰ-ਕਾਨੂੰਨੀ ਮਾਈਨਿੰਗ ਮੁੜ ਸ਼ੁਰੂ ਹੋ ਗਈ ਹੈ।

ਡੇਰਾਬੱਸੀ ਹਲਕੇ ਅਧੀਨ ਆਉਂਦੇ ਪਿੰਡ ਜੜੌਤ ਵਿਖੇ ਦੌਰਾ ਕਰਕੇ ਵੇਖਿਆ ਕਿ ਇਕ ਨਿੱਜੀ ਕੰਪਨੀ ਦੀ 177 ਏਕੜ ਜ਼ਮੀਨ ਜੋ ਹੁਣ ਪੰਜਾਬ ਸਰਕਾਰ ਦੇ ਅਧੀਨ ਹੈ, ਉਪਰ ਦਰਜਨਾਂ ਹੀ ਟਿੱਪਰ ਅਤੇ ਜੇਸੀਬੀ ਮਸ਼ੀਨਾਂ ਰਾਹੀਂ ਬਹੁਤ ਹੀ ਉੱਤਮ ਦਰਜੇ ਦੀ ਖੇਤੀਬਾੜੀ ਜ਼ਮੀਨ ਵਿਚੋਂ ਜ਼ਬਰਦਸਤੀ ਮਿੱਟੀ ਚੁੱਕੀ ਜਾ ਰਹੀ ਹੈ। ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਦਿਨ ਹੀ 40-45 ਟਰੱਕ ਅਤੇ ਟਿੱਪਰ ਇੱਥੋਂ ਜ਼ਬਰਦਸਤੀ ਮਿੱਟੀ ਚੁੱਕ ਕੇ ਲੈ ਜਾਂਦੇ ਹਨ ਅਤੇ ਕੁਝ ਦਿਨਾਂ ਵਿਚ ਹੀ ਇਸ ਜ਼ਮੀਨ ਨੂੰ 20 ਫੁੱਟ ਤਕ ਪੁੱਟ ਲਿਆ ਜਾਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ।

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਿਰਫ 7 ਖੱਡਾਂ ਹੀ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਹਨ ਪਰ ਇੱਥੇ 220 ਸਟੋਨ ਕਰੈਸ਼ਰ ਚੱਲਦੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਕਰੈਸ਼ਰਾਂ ਵਿਚ ਕੱਚਾ ਮਾਲ ਕਿੱਥੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਰੱਜੋਮਾਜਰਾ, ਝੱਜੋ, ਨੱਗਲ, ਸਲੇਮਪੁਰ, ਬੁੱਢਣਪੁਰ, ਬਾਕਰਪੁਰ ਵਿਚ ਵੀ ਗ਼ੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ, ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ, ਗੈਰ-ਕਾਨੂੰਨੀ ਮਾਈਨਿੰਗ ਦੀ ਤੁਰੰਤ ਨਿਸ਼ਾਨਦੇਹੀ ਕੀਤੀ ਜਾਵੇ। ਗੋਲਡਨ ਫਾਰੈਸਟ ਦੀ ਜ਼ਮੀਨ ਦੇ ਆਲੇ-ਦੁਆਲੇ ਤਾਰ ਲਗਾਈ ਜਾਵੇ, ਨੋਟਿਸ ਬੋਰਡ ਲਗਾਏ ਜਾਣ, ਮਾਈਨਿੰਗ ਖੱਡਾਂ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।

----------

4ਸੀਐਚਡੀ9ਪੀ

ਡੀਸੀ ਨੂੰ ਮੰਗ ਪੱਤਰ ਦੇਣ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਅਤੇ ਹੋਰ।