ਮੁੰਬਈ (ਪੀਟੀਆਈ) : ਸੀਬੀਆਈ ਨੇ ਪੀਟਰ ਮੁਖਰਜੀ ਦੀ ਜ਼ਮਾਨਤ ਅਰਜ਼ੀ ਖ਼ਿਲਾਫ਼ ਹਲਫ਼ਨਾਮਾ ਦਾਖ਼ਲ ਕਰਨ ਲਈ ਹਾਈ ਕੋਰਟ ਤੋਂ ਸਮਾਂ ਮੰਗਿਆ ਹੈ। ਇਸ 'ਤੇ ਜਸਟਿਸ ਰੇਵਤੀ ਮੋਹਿਤ ਡੇਰੇ ਨੇ ਮਾਮਲੇ ਦੀ ਅਗਲੀ ਤਰੀਕ ਦੀ ਸੁਣਵਾਈ 19 ਜੁਲਾਈ ਤੈਅ ਕਰ ਦਿੱਤੀ ਹੈ। ਇੰਦਰਾਣੀ ਮੁਖਰਜੀ ਦੀ ਧੀ ਸ਼ੀਨਾ ਬੋਰਾ ਦੀ ਹੱਤਿਆ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਪੀਟਰ ਨੂੰ ਪਿਛਲੇ ਸਾਲ ਨਵੰਬਰ 'ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਪਤਨੀ ਇੰਦਰਾਣੀ, ਉਨ੍ਹਾਂ ਦੇ ਸਾਬਕਾ ਪਤੀ ਸੰਜੀਵ ਖੰਨਾ ਅਤੇ ਡਰਾਈਵਰ ਸ਼ਿਆਮਵਰ ਰਾਵ ਪਹਿਲਾਂ ਹੀ ਗਿ੍ਰਫ਼ਤਾਰ ਕੀਤੇ ਜਾ ਚੁੱਕੇ ਸਨ। ਸੈਸ਼ਨ ਅਦਾਲਤ ਦੋ ਵਾਰ ਪੀਟਰ ਦੀ ਜ਼ਮਾਨਤ ਖਾਰਜ ਕਰ ਚੁੱਕੀ ਸੀ। ਇਸ ਤੋਂ ਬਾਅਦ ਪੀਟਰ ਹਾਈ ਕੋਰਟ ਦੀ ਸ਼ਰਨ ਵਿਚ ਗਏ। ਆਪਣੀ ਪਟੀਸ਼ਨ ਵਿਚ ਪੀਟਰ ਨੇ ਦਲੀਲ ਦਿੱਤੀ ਹੈ ਕਿ ਸਹੰੁ ਪੱਤਰ ਵਿਚ ਉਨ੍ਹਾਂ ਖ਼ਿਲਾਫ਼ ਕੁਝ ਵੀ ਨਹੀਂ ਹੈ। ਅਜਿਹੇ ਹਾਲਾਤ ਵਿਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਜਾਵੇ। ਪਟੀਸ਼ਨ ਅਨੁਸਾਰ, 'ਪੀਟਰ ਖ਼ਿਲਾਫ਼ ਹੁਣ ਤਕ ਜ਼ਰਾ ਵੀ ਸਬੂਤ ਨਹੀਂ ਪਏ ਗਏ ਹਨ। ਉਹ ਸਿਰਫ਼ ਸ਼ੱਕ ਦੇ ਆਧਾਰ 'ਤੇ ਸਲਾਖਾਂ ਦੇ ਪਿੱਛੇ ਹੈ। ਸਿਰਫ਼ ਸ਼ੱਕ 'ਤੇ ਬੇਵਕਤ ਗਿ੍ਰਫ਼ਤਾਰੀ ਬਹੁਤ ਕਮਜ਼ੋਰ ਤਰਕ ਹੈ।'