ਜਾਗਰਣ ਬਿਊਰੋ, ਨਵੀਂ ਦਿੱਲੀ : ਦੱਖਣੀ ਈਰਾਨ ਦੇ ਚਾਬਹਾਰ ਸ਼ਹਿਰ ਵਿਚ ਇਕ ਆਤਮਘਾਤੀ ਕਾਰ ਬੰਬ ਨਾਲ ਪੁਲਿਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ। ਵੀਰਵਾਰ ਨੂੰ ਹੋਏ ਇਸ ਹਮਲੇ ਵਿਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ 24 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਜਿਸ ਥਾਂ ਹਮਲਾ ਹੋਇਆ ਹੈ, ਉਥੋਂ ਕੁਝ ਹੀ ਦੂਰੀ 'ਤੇ ਭਾਰਤ ਵੱਲੋਂ ਚਾਬਹਾਰ ਬੰਦਰਗਾਹ ਅਤੇ ਉਦਯੋਗਿਕ ਖੇਤਰ ਵਿਕਸਿਤ ਕੀਤਾ ਜਾ ਰਿਹਾ ਹੈ। ਚਾਬਹਾਰ ਪਾਕਿਸਤਾਨ ਸਰਹੱਦ ਤੋਂ ਸਿਰਫ 90 ਕਿਲੋਮੀਟਰ ਦੂਰ ਸਥਿਤ ਹੈ। ਹਾਲੇ ਤਕ ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਸਥਾਨਕ ਅੱਤਵਾਦੀਆਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਭਾਰਤ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਬੇਹੱਦ ਭਿਆਨਕ ਹਮਲਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਈਰਾਨ ਦੀ ਜਨਤਾ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਅਸੀਂ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਨ। ਨਾਲ ਹੀ ਜਿਹੜੇ ਲੋਕ ਇਸ ਹਮਲੇ ਵਿਚ ਸ਼ਾਮਲ ਹਨ ਉਨ੍ਹਾਂ ਨੂੰ ਕਾਨੂੰਨੀ ਸਜ਼ਾ ਦਿਵਾਉਣ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ।

ਭਾਰਤ ਪਿਛਲੇ ਚਾਰ ਸਾਲਾਂ ਤੋਂ ਚਾਬਹਾਰ 'ਚ ਇਕ ਬੰਦਰਗਾਹ ਬਣਾ ਰਿਹਾ ਹੈ ਜਿਸ ਦੇ ਸੰਚਾਲਨ ਦੀ ਜ਼ਿੰਮੇਵਾਰੀ ਹਾਲ ਹੀ ਵਿਚ ਭਾਰਤੀ ਕੰਪਨੀ ਨੂੰ ਮਿਲੀ ਹੈ। ਇਹ ਪੋਰਟ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਤੋਂ ਮਹਿਜ਼ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੈ ਜਿਸ ਦਾ ਨਿਰਮਾਣ ਚੀਨ ਨੇ ਕੀਤਾ ਹੈ। ਇਕ ਤਰ੍ਹਾਂ ਨਾਲ ਚਾਬਹਾਰ ਤੋਂ ਅਫ਼ਗਾਨਿਸਤਾਨ ਤਕ ਸੜਕ ਬਣਾ ਰਿਹਾ ਹੈ ਅਤੇ ਇਸ 'ਤੇ ਇਕ ਰੇਲ ਮਾਰਗ ਵੀ ਬਣਾਉਣ ਦੀ ਯੋਜਨਾ ਹੈ। ਭਾਰਤ ਦੇ ਸੜਕ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕੁਝ ਮਹੀਨੇ ਪਹਿਲਾਂ ਸੰਸਦ ਵਿਚ ਦੱਸਿਆ ਸੀ ਕਿ ਚਾਬਹਾਰ ਵਿਚ ਭਾਰਤੀ ਨਿਵੇਸ਼ ਨਾਲ ਇਕ ਵੱਡਾ ਉਦਯੋਗਿਕ ਖੇਤਰ ਵੀ ਵਿਕਸਿਤ ਕੀਤਾ ਜਾਵੇਗਾ। ਇਸ ਵਿਚ ਭਾਰਤੀ ਕੰਪਨੀਆਂ ਦੋ ਲੱਖ ਕਰੋੜ ਰੁਪਏ ਤਕ ਦਾ ਨਿਵੇਸ਼ ਕਰ ਸਕਦੀਆਂ ਹਨ। ਇਹੀ ਵਜ੍ਹਾ ਹੈ ਕਿ ਭਾਰਤ ਇਸ ਬੰਦਰਗਾਹ ਦੇ ਆਲੇ-ਦੁਆਲੇ ਹੋਣ ਵਾਲੀਆਂ ਸਰਗਰਮੀਆਂ ਨੂੰ ਲੈ ਕੇ ਚੌਕਸ ਰਹਿੰਦਾ ਹੈ।

ਭਾਰਤ ਨੂੰ ਪਹਿਲਾਂ ਵੀ ਇਸ ਗੱਲ ਦੀ ਸੂਚਨਾ ਮਿਲਦੀ ਰਹੀ ਹੈ ਕਿ ਚਾਬਹਾਰ ਦੇ ਆਲੇ-ਦੁਆਲੇ ਪਾਕਿਸਤਾਨ ਸਮਰਥਕ ਅੱਤਵਾਦੀ ਸੰਗਠਨ ਸਰਗਰਮ ਹਨ। ਇਸ ਗੱਲ 'ਤੇ ਈਰਾਨ ਅਤੇ ਪਾਕਿਸਤਾਨ ਵਿਚ ਕਈ ਵਾਰ ਝੜਪ ਵੀ ਹੋ ਚੁੱਕੀ ਹੈ। ਈਰਾਨ ਨੇ ਪਾਕਿਸਤਾਨ 'ਤੇ ਅੰਦਰੂਨੀ ਮਾਮਲੇ ਵਿਚ ਦਖ਼ਲਅੰਦਾਜ਼ੀ ਦਾ ਵੀ ਦੋਸ਼ ਲਗਾਇਆ ਹੈ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਸੁੰਨੀ ਅੱਤਵਾਦੀ ਸੰਗਠਨ ਚਾਬਹਾਰ ਵਿਚ ਸਰਗਰਮ ਹਨ। ਇਨ੍ਹਾਂ ਸੰਗਠਾਂ 'ਤੇ ਹੀ ਭਾਰਤ ਦੇ ਸਾਬਕਾ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਅਗਵਾ ਕਰਕੇ ਪਾਕਿਸਤਾਨ ਨੂੰ ਸੌਂਪਣ ਦਾ ਸ਼ੱਕ ਹੈ। ਜਾਧਵ ਨੂੰ ਚਾਬਹਾਰ ਦੇ ਕੋਲ ਹੀ ਅਗਵਾ ਕੀਤਾ ਗਿਆ ਸੀ।