ਨਵੀਂ ਦਿੱਲੀ (ਪੀਟੀਆਈ) :

ਗੁਜਰਾਤ ਦੇ ਯੀਕ ਇਲਾਕੇ 'ਚ ਬੁੱਧਵਾਰ ਸਵੇਰੇ ਪਾਕਿਸਤਾਨ ਦੀ ਇਕ ਹੋਰ ਬੇੜੀ ਫੜੀ ਗਈ। ਇਸ 'ਤੇ ਸਵਾਰ ਨੌਂ ਮਛੇਰਿਆਂ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

ਬਾਰਡਰ ਸਕਿਉਰਿਟੀ ਫੋਰਸ (ਬੀਐੱਸਅੱੈਫ) ਦੇ ਇਕ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭੁੱਜ ਦੇ ਯੀਕ ਇਲਾਕੇ ਵਿਚ ਜਵਾਨਾਂ ਨੇ ਪੈਟਰੋਲਿੰਗ ਦੌਰਾਨ ਬੇੜੀ ਦੇਖੀ। ਉਹ ਭਾਰਤੀ ਜਲ ਖੇਤਰ 'ਚ ਵੜ ਆਈ ਸੀ। ਜਵਾਨਾਂ ਨੇ ਨੌਂ ਪਾਕਿਸਤਾਨੀ ਮਛੇਰਿਆਂ ਨੂੰ ਜੀ-43 ਪਿਲਰ ਦੇ ਨਜ਼ਦੀਕ ਚੌਹਾਨ ਨਾਲੇ ਤੋਂ ਗਿ੍ਰਫ਼ਤਾਰ ਕੀਤਾ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਪਾਈ ਗਈ। ਹਾਲਾਂਕਿ ਪਾਕਿਸਤਾਨ ਲਈ ਇਨ੍ਹਾਂ ਲੋਕਾਂ ਵਲੋਂ ਜਾਸੂਸੀ ਕੀਤੇ ਜਾਣ ਦੇ ਖਦਸ਼ੇ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਬੀਐੱਸਐੱਫ ਨੇ ਮੰਗਲਵਾਰ ਨੂੰ ਪੰਜਾਬ ਦੇ ਸਰਹੱਦੀ ਇਲਾਕੇ ਤੋਂ ਪਾਕਿਸਤਾਨ ਰੇਂਜਰਜ਼ ਦੀ ਇਕ ਖਾਲੀ ਬੇੜੀ ਜ਼ਬਤ ਕੀਤੀ ਸੀ। ਜਦਕਿ ਤੱਟ ਰੱਖਿਅਕ ਦਸਤੇ ਨੇ ਦੋ ਅਕਤੂਬਰ ਨੂੰ ਗੁਜਰਾਤ ਦੇ ਪੋਰਬੰਦਰ ਖੇਤਰ ਤੋਂ ਪਾਕਿਸਤਾਨ ਦੀ ਇਕ ਬੇੜੀ ਫੜੀ ਸੀ। ਇਸ ਸਵਾਰ ਚਾਲਕ ਦਸਤੇ ਦੇ ਨੌਂ ਮੈਂਬਰਾਂ ਨੂੰ ਵੀ ਫੜਿਆ ਗਿਆ ਸੀ।