ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਪਹਿਲੀ ਵਾਰੀ ਵੱਡੀ ਭੂਮਿਕਾ ਨਿਭਾਅ ਰਹੀ ਪਿ੍ਰਅੰਕਾ ਵਾਡਰਾ ਲਈ ਅਮੇਠੀ ਅਤੇ ਰਾਏਬਰੇਲੀ 'ਚ ਚੁਣੌਤੀਆਂ ਵੱਧ ਗਈਆਂ ਹਨ। ਭਾਜਪਾ ਵੱਲੋਂ ਪਾਰਟੀ ਰਾਜ ਸਭਾ ਮੈਂਬਰ ਸਮਿ੍ਰਤੀ ਇਰਾਨੀ ਨੂੰ ਉਮੀਦਵਾਰ ਬਣਾਉਣ ਪਿੱਛੋਂ ਅਮੇਠੀ 'ਚ ਮੁਕਾਬਲਾ ਦਿਲਚਸਪ ਹੋ ਗਿਆ ਹੈ। ਇਥੇ ਪਹਿਲਾਂ ਤੋਂ ਸਰਗਰਮ ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਨੇ ਜਨਤਾ ਵਿਚਕਾਰ ਪਛਾਣ ਬਣਾ ਲਈ ਹੈ। ਅਜਿਹੇ 'ਚ ਦੇਸ਼ ਭਰ 'ਚ ਚੱਲ ਰਹੀ ਪਾਰਟੀ ਦੀ ਚੋਣ ਮੁਹਿੰਮ ਦੀ ਨਿਗਰਾਨੀ ਅਤੇ ਤਾਲਮੇਲ ਕਰ ਰਹੀ ਪਿ੍ਰਅੰਕਾ ਦੀ ਅਮੇਠੀ ਅਤੇ ਰਾਏਬਰੇਲੀ 'ਚ ਸਖ਼ਤ ਪ੍ਰੀਖਿਆ ਹੋਣੀ

ਤੈਅ ਹੈ।

ਗਾਂਧੀ ਪਰਿਵਾਰ ਦਾ ਗੜ੍ਹ ਬਣ ਚੁੱਕੇ ਅਮੇਠੀ ਅਤੇ ਰਾਏਬਰੇਲੀ ਦੀ ਜ਼ਿੰਮੇਵਾਰੀ ਪਿਛਲੇ ਕਈ ਵਰਿ੍ਹਆਂ ਤੋਂ ਪਿ੍ਰਅੰਕਾ ਵਾਡਰਾ ਦੇ ਜ਼ਿੰਮੇ ਰਹੀ। ਪਿ੍ਰਅੰਕਾ ਦੇ ਪ੍ਰਬੰਧਨ ਦੇ ਬੂਤੇ ਹੀ ਪਾਰਟੀ ਮੁਖੀ ਅਤੇ ਰਾਹੁਲ ਗਾਂਧੀ ਦੇਸ਼ ਭਰ 'ਚ ਪਾਰਟੀ ਦਾ ਪ੍ਰਚਾਰ ਕਰਦੇ ਹਨ। ਇਸ ਵਾਰੀ ਹਾਲਾਤ ਵੱਖਰੇ ਹਨ। ਦਸ ਸਾਲ ਤੋਂ ਸੱਤਾ 'ਚ ਰਹੀ ਕਾਂਗਰਸ ਪਾਰਟੀ ਸੱਤਾ ਵਿਰੋਧੀ ਰੁਝਾਣ ਨਾਲ ਵਾਕਫ਼ ਹੈ। ਭਾਜਪਾ ਮੋਦੀ ਲਹਿਰ 'ਤੇ ਸਵਾਰ ਹੈ। ਅਜਿਹੇ 'ਚ ਆਪਣਾ ਜ਼ਿਆਦਾਤਰ ਸਮਾਂ ਰਾਹੁਲ ਗਾਂਧੀ ਦੀ ਰਿਹਾਇਸ਼ ਸਥਿਤ ਦਫ਼ਤਰ ਤੋਂ ਚੋਣ ਸੰਚਾਲਨ ਕਰ ਰਹੀ ਪਿ੍ਰਅੰਕਾ ਦੇ ਚੋਣ ਕੌਸ਼ਲ ਦੀ ਪ੍ਰੀਖਿਆ ਵੀ ਹੈ। ਪਾਰਟੀ ਦੀ ਚੋਣ ਰਣਨੀਤੀ, ਰਾਹੁਲ ਦੇ ਚੋਣ ਦੌਰੇ, ਉਮੀਦਵਾਰਾਂ ਦੀ ਚੋਣ, ਮੀਡੀਆ ਮੈਨੇਜਮੈਂਟ ਤੋਂ ਲੈ ਕੇ ਬ੍ਰਾਂਡ ਰਾਹੁਲ ਵਜੋਂ ਪਾਰਟੀ ਮੀਤ ਪ੍ਰਧਾਨ ਦਾ ਅਕਸ ਨਿਖਾਰਣ 'ਚ ਅਹਿਮ ਭੂਮਿਕਾ ਨਿਭਾਅ ਰਹੀ ਪਿ੍ਰਅੰਕਾ ਲਈ ਇਸ ਵਾਰੀ ਰਾਏਬਰੇਲੀ ਅਤੇ ਅਮੇਠੀ ਦੀ ਚੁਣੌਤੀ ਵੱਡੀ ਹੈ। ਰੁੱਝੇ ਹੋਣ ਕਾਰਨ ਮਾਂ ਸੋਨੀਆ ਗਾਂਧੀ ਵੱਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਮੌਕੇ ਭਾਵੇਂ ਪਿ੍ਰਅੰਕਾ ਨਾ ਆ ਸਕੀ ਹੋਵੇ ਪਰ ਸੂਤਰਾਂ ਮੁਤਾਬਿਕ ਪਿ੍ਰਅੰਕਾ ਛੇਤੀ ਹੀ ਰਾਏਬਰੇਲੀ ਆਵੇਗੀ ਅਤੇ ਇਥੋਂ ਚੋਣਾਂ ਦਾ ਸੰਚਾਲਨ ਕਰੇਗੀ। ਪਾਰਟੀ ਇਥੇ ਇਕ ਹਾਈ-ਟੈਕ ਦਫ਼ਤਰ ਸਥਾਪਿਤ ਕਰਨ ਦੀ ਤਿਆਰੀ 'ਚ ਹੈ। ਇਥੋਂ ਪਿ੍ਰਅੰਕਾ ਨਾ ਸਿਰਫ ਆਪਣੀ ਮਾਂ ਅਤੇ ਭਰਾ ਨਾਲ ਚੋਣਾਂ ਨੂੰ ਮੈਨੇਜ ਕਰੇਗੀ ਸਗੋਂ ਦੇਸ਼ ਭਰ 'ਚ ਚੱਲ ਰਹੀ ਕਾਂਗਰਸ ਦੀ ਚੋਣ ਮੁਹਿੰਮ ਦੀ ਨਿਗਰਾਨੀ ਵੀ ਕਰੇਗੀ। ਗਾਂਧੀ ਪਰਿਵਾਰ ਦੇ ਕਰੀਬੀ ਕਾਂਗਰਸ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਪਿ੍ਰਅੰਕਾ ਦੀ ਸਰਗਰਮ ਭੂਮਿਕਾ ਬਾਰੇ ਪੁੱਛੇ ਜਾਣ 'ਤੇ ਦਾਰਸ਼ਨਿਕ ਅੰਦਾਜ਼ 'ਚ ਸੰਗਠਨ ਦੇ ਕੰਮਕਾਜ 'ਚ ਉਨ੍ਹਾਂ ਦੀ ਵਧੀ ਭੂਮਿਕਾ ਨੂੰ ਸਪਸ਼ਟ ਕਰ ਦਿੱਤਾ।