ਜੇਐੱਨਐੱਨ, ਅਹਿਮਦਾਬਾਦ : ਪਾਟੀਦਾਰ ਨੇਤਾ ਹਾਰਦਿਕ ਪਟੇਲ ਦੇ ਸਭ ਤੋਂ ਕਰੀਬੀ ਦਿਨੇਸ਼ ਬਾਮਣੀਆ ਨੇ ਮਤਦਾਨ ਦੇ ਠੀਕ ਇਕ ਦਿਨ ਪਹਿਲਾਂ ਕਾਂਗਰਸ ਤੇ ਹਾਰਦਿਕ ਦੀ ਮਨਸ਼ਾ 'ਤੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਅੰਦੋਲਨ ਕਿਸੇ ਪਾਰਟੀ ਨੂੰ ਸੱਤਾ 'ਚ ਲਿਆਉਣ ਲਈ ਨਹੀਂ ਚਲਾਇਆ। ਪਾਟੀਦਾਰਾਂ ਨੇ ਓਬੀਸੀ ਤਹਿਤ ਰਾਖਵਾਂਕਰਨ ਮੰਗਿਆ ਸੀ ਪਰ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ। ਪਾਟੀਦਾਰ ਅਨਾਮਤ ਅੰਦੋਲਨ ਕਮੇਟੀ (ਪਾਸ) ਦੇ ਸੰਸਥਾਪਕ ਮੈਂਬਰ ਦਿਨੇਸ਼ ਬਾਮਣੀਆ ਮੁਤਾਬਕ, ਪਾਸ ਵਿਚ ਸਾਰੇ ਫ਼ੈਸਲੇ ਇਕੱਲੇ ਹਾਰਦਿਕ ਲੈ ਰਹੇ ਹਨ ਅਤੇ ਹੁਣ ਅੰਦੋਲਨ ਭਟਕ ਗਿਆ ਹੈ। ਦਿਨੇਸ਼ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਾਂਗਰਸ 49 ਫ਼ੀਸਦੀ ਤੋਂ ਬਾਅਦ 1 ਫ਼ੀਸਦੀ ਰਾਖਵਾਂਕਰਨ ਵੀ ਸਮਾਜ ਲਈ ਐਲਾਨ ਕਰਦੀ ਤਾਂ ਸਮਝ ਆਉਂਦਾ, ਪਰ ਕਾਂਗਰਸ ਜਿਹੜਾ ਵਾਅਦਾ ਕਰ ਰਹੀ ਹੈ, ਉਸੇ ਤਰ੍ਹਾਂ ਦਾ ਰਾਖਵਾਂਕਰਨ ਤਾਂ ਭਾਜਪਾ ਸਰਕਾਰ ਆਰਥਿਕ ਆਧਾਰ 'ਤੇ ਦੇਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ। ਬਾਮਣੀਆ ਨੇ ਹਾਰਦਿਕ ਦੀ ਅਸ਼ਲੀਲ ਸੀਡੀ 'ਤੇ ਕਿਹਾ ਕਿ ਸਾਰੀਆਂ ਸੀਡੀ ਗ਼ਲਤ ਨਹੀਂ ਹੋ ਸਕਦੀਆਂ। ਹਾਰਦਿਕ ਇਕ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੀ ਰੈਲੀ ਤੇ ਸਭਾਵਾਂ ਦੀ ਮੈਨੇਜਮੈਂਟ ਦੇ ਨਾਲ ਪੈਸਿਆਂ ਦੇ ਲੈਣ-ਦੇਣ ਵਿਚ ਪਾਰਦਰਸ਼ਿਤਾ ਨਹੀਂ ਹੈ। ਬਾਮਣੀਆ ਨੇ ਹਾਰਦਿਕ ਤੇ ਕਾਂਗਰਸ ਵਿਚ ਮੈਚ ਫਿਕਸ ਦੱਸਦੇ ਹੋਏ ਕਿਹਾ ਕਿ ਹਾਰਦਿਕ ਦੀ ਮਾਨਸਿਕਤਾ ਪਹਿਲਾਂ ਤੋਂ ਹੀ ਕਾਂਗਰਸ ਦੇ ਸਮਰਥਨ ਦੀ ਸੀ।