ਕੰਧਾਰ (ਏਜੰਸੀਆਂ) : ਅਫ਼ਗਾਨਿਸਤਾਨ 'ਚ ਤਾਲਿਬਾਨ ਅੱਤਵਾਦੀ ਲਗਾਤਾਰ ਸੁਰੱਖਿਆ ਬਲਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਹੇਲਮੰਦ ਸੂਬੇ ਵਿਚ ਅਜਿਹੇ ਹੀ ਇਕ ਅੱਤਵਾਦੀ ਹਮਲੇ ਵਿਚ ਘੱਟੋ-ਘੱਟ 10 ਪੁਲਸ ਵਾਲਿਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਅੱਤਵਾਦੀਆਂ ਨੇ ਸ਼ਨਿਚਰਵਾਰ ਰਾਤ ਸਾਂਗਿਨ ਜ਼ਿਲ੍ਹੇ ਵਿਚ ਪੁਲਸ ਚੌਕੀਆਂ 'ਤੇ ਹਮਲਾ ਕੀਤਾ। ਮਿ੍ਰਤਕਾਂ ਦੀ ਗਿਣਤੀ ਨੂੰ ਲੈ ਕੇ ਵੱਖ-ਵੱਖ ਬਿਆਨ ਆ ਰਹੇ ਹਨ। ਸਾਂਗਿਨ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 13 ਪੁਲਸ ਵਾਲਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਅਤੇ 15 ਜ਼ਖ਼ਮੀ ਹੋਏ ਹਨ। ਦਰਅਸਲ, ਅਫ਼ਗਾਨਿਸਤਾਨ ਵਿਚ ਅਜਿਹੇ ਹਮਲਿਆਂ ਵਿਚ ਮਿ੍ਰਤਕਾਂ ਦੀ ਗਿਣਤੀ ਨੂੰ ਲੈ ਕੇ ਵੱਖੋ-ਵੱਖਰੇ ਬਿਆਨ ਮਿਲਦੇ ਹੀ ਰਹਿੰਦੇ ਹਨ। ਪੁਲਸ ਦੀ ਜਵਾਬੀ ਕਾਰਵਾਈ ਵਿਚ ਕੁਝ ਅੱਤਵਾਦੀਆਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ ਪਰ ਉਨ੍ਹਾਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋ ਪੁਲਸ ਚੌਕੀਆਂ 'ਤੇ ਮੁਕਾਬਲੇ ਜਾਰੀ ਹਨ ਅਤੇ ਬਾਕੀ ਸਾਰਿਆਂ 'ਤੇ ਕੰਟਰੋਲ ਕਰ ਲਿਆ ਗਿਆ ਹੈ।