ਮੁੰਬਈ (ਪੀਟੀਆਈ) : ਸ਼ਿਵ ਸੈਨਾ ਨੇ ਆਦਰਸ਼ ਹਾਊਸਿੰਗ ਸੁਸਾਇਟੀ ਦੀ ਇਮਾਰਤ ਨੂੰ ਡੇਗਣ ਦਾ ਵਿਰੋਧ ਕੀਤਾ ਹੈ। ਉਸ ਨੇ ਕਿਹਾ ਕਿ ਇਸ ਨੂੰ ਡੇਗਣ ਨਾਲ ਕੋਈ ਉਦੇਸ਼ ਪੂਰਾ ਨਹੀਂ ਹੋਵੇਗਾ। ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਦੇ ਸੰਪਾਦਕੀ ਵਿਚ ਸ਼ਿਵ ਸੈਨਾ ਨੇ ਕਿਹਾ ਕਿ ਆਦਰਸ਼ ਇਮਾਰਤ ਨੂੰ ਡੇਗਣਾ ਹੱਲ ਨਹੀਂ ਹੈ। ਇਸ ਨੂੰ ਡੇਗ ਕੇ ਧਨ, ਸੀਮੈਂਟ, ਸਟੀਲ ਅਤੇ ਕਿਰਤ ਨੂੰ ਬਰਬਾਦ ਕਰਨ ਦੀ ਕੀ ਲੋੜ ਹੈ। ਇਸ ਦੇ ਬਦਲੇ ਇਸ ਵਿਚ ਸਰਕਾਰੀ ਦਫਤਰ ਖੋਲ੍ਹ ਦਿੱਤੇ ਜਾਣੇ ਚਾਹੀਦੇ ਹਨ। ਮੁੰਬਈ ਵਿਚ ਸਰਕਾਰੀ ਦਫਤਰਾਂ ਲਈ ਜਗ੍ਹਾ ਦੀ ਕਮੀ ਹੈ। ਸ਼ਿਵ ਸੈਨਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਮਾਮਲੇ ਵਿਚ ਗਲਤੀ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਇਮਾਰਤ ਨੂੰ ਡੇਗ ਦੇਣਾ ਤਾਂ ਆਸਾਨ ਹੈ, ਪ੍ਰੰਤੂ ਦੇਖਣਾ ਹੈ ਕਿ ਹੇਠਲੀ ਅਦਾਲਤ ਦਾ ਫ਼ੈਸਲਾ ਉੱਪਰਲੀ ਅਦਾਲਤ ਵਿਚ ਕਾਇਮ ਰਹਿੰਦਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਬਾਂਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰੀ ਵਣ ਤੇ ਵਾਤਾਵਰਨ ਮੰਤਰਾਲੇ ਨੂੰ ਦੱਖਣੀ ਮੁੰਬਈ ਸਥਿਤ ਆਦਰਸ਼ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀ ਦੀ 31 ਮੰਜ਼ਿਲਾ ਇਮਾਰਤ ਨੂੰ ਡੇਗਣ ਦਾ ਆਦੇਸ਼ ਦਿੱਤਾ ਸੀ।