ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ 3 ਵੱਡੇ ਆਗੂਆਂ ਖ਼ਿਲਾਫ਼ ਦਾਖ਼ਲ ਮਾਣਹਾਨੀ ਦੇ ਕੇਸ 'ਚ ਹੇਠਲੀ ਅਦਾਲਤ 'ਚ ਚੱਲ ਰਹੀ ਕਾਰਵਾਈ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਟੈਲੀਕਾਮ ਮੰਤਰੀ ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਨੇ ਅਰਵਿੰਦ ਕੇਜਰੀਵਾਲ, ਸ਼ਾਜ਼ੀਆ ਇਲਮੀ, ਮਨੀਸ਼ ਸਿਸੋਦੀਆ ਅਤੇ ਪ੍ਰਸ਼ਾਂਤ ਭੂਸ਼ਣ ਖ਼ਿਲਾਫ਼ ਉਨ੍ਹਾਂ 'ਤੇ ਬਿਨਾਂ ਆਧਾਰ ਦੋਸ਼ ਲਗਾਉਣ 'ਤੇ ਮਾਣਹਾਨੀ ਦਾ ਮੁਕੱਦਮਾ ਦਾਖ਼ਲ ਕੀਤਾ ਹੈ। ਆਪ ਆਗੂਆਂ ਵੱਲੋਂ ਦਲੀਲ ਦਿੰਦਿਆਂ ਉਨ੍ਹਾਂ ਦੇ ਵਕੀਲ ਜੈਅੰਤ ਭੂਸ਼ਣ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ ਕਿ ਟ੍ਰਾਇਲ ਕੋਰਟ ਦੀ ਕਾਰਵਾਈ 'ਤੇ ਉਦੋਂ ਤਕ ਰੋਕ ਲਗਾਉਣੀ ਚਾਹੀਦੀ ਹੈ, ਜਦੋਂ ਤਕ ਸੁਪਰੀਮ ਕੋਰਟ 'ਚ ਪਟੀਸ਼ਨ ਦਾ ਨਬੇੜਾ ਨਹੀਂ ਹੋ ਜਾਂਦਾ। ਇਸ ਉੱਤੇ ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਨੇ ਕਿਹਾ, ਇਸ ਦਲੀਲ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਸਿਰਫ ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਦੀ ਰਫ਼ਤਾਰ ਵਧਾਈ ਜਾ ਸਕਦੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ।

ਇਹ ਹੈ ਮਾਮਲਾ

ਅਮਿਤ ਨੇ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਲਗਾਏ ਗਏ ਉਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਇਹ ਮਾਮਲਾ ਦਾਖ਼ਲ ਕੀਤਾ ਸੀ, ਜਿਸ ਵਿਚ ਉਨ੍ਹਾਂ 'ਤੇ ਟੈਲੀਕਾਮ ਕੰਪਨੀਆਂ ਦਾ ਪੱਖ ਰੱਖਣ ਲਈ ਆਪਣੇ ਪਿਤਾ ਦੀ ਪੋਜ਼ੀਸ਼ਨ ਦਾ ਫਾਇਦਾ ਉਠਾਉਣ ਦੀ ਗੱਲ ਕਹੀ ਸੀ। ਟ੍ਰਾਇਲ ਕੋਰਟ ਨੇ ਕੇਜਰੀਵਾਲ ਅਤੇ ਦੂਸਰੇ ਆਪ ਆਗੂਆਂ ਨੂੰ ਬੀਤੇ ਵਰ੍ਹੇ ਸੰਮਨ ਜਾਰੀ ਕੀਤਾ ਸੀ ਪਰ ਉਨ੍ਹਾਂ ਲੋਕਾਂ ਨੇ ਇਸ ਕੋਰਟ 'ਚ ਚੱਲ ਰਹੀ ਕਾਰਵਾਈ ਰੱਦ ਕਰਨ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ। 16 ਜਨਵਰੀ ਨੂੰ ਦਿੱਲੀ ਹਾਈ ਕੋਰਟ ਨੇ ਵੀ ਇਨ੍ਹਾਂ ਆਗੂਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਖ਼ਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।