ਪੰਜਾਬੀ ਜਾਗਰਣ ਪ੫ਤੀਨਿਧੀ, ਬਿਠੰਡਾ : ਜ਼ਿਲ੍ਹੇ ਦੇ ਪਿੰਡ ਭਿਸੀਆਣਾ ਵਾਸੀ ਇਕ ਵਿਅਕਤੀ ਨੇ ਜ਼ਮੀਨ ਦਾ ਸੌਦਾ ਕਰਕੇ 3 ਲੱਖ 40 ਹਜ਼ਾਰ ਰੁਪਏ ਤਾਂ ਲੈ ਲਏ, ਪਰ ਉਸ ਤੋਂ ਬਾਅਦ ਜ਼ਮੀਨ ਦੀ ਰਜਿਸਟਰੀ ਕਰਾਉਣ ਲਈ ਨਹੀਂ ਆਇਆ। ਥਾਣਾ ਸਦਰ ਪੁਲਿਸ ਨੇ ਉਸ ਖ਼ਿਲਾਫ਼ ਧੋਖਾਧੜੀ ਦੇ ਦੋਸ਼ 'ਚ ਕੇਸ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਪਛਾਣ ਪਿੰਡ ਭਿਸੀਆਣਾ ਵਾਸੀ ਮੋਹਕਮ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸੇ ਦੇ ਪਿੰਡ 'ਚ ਰਹਿਣ ਵਾਲੇ ਹਰਚਰਨ ਸਿੰਘ ਦੀ ਸ਼ਿਕਾਇਤ 'ਤੇ ਉਸਦੇ ਖਿਲਾਫ਼ ਕੇਸ ਦਰਜ਼ ਕੀਤਾ ਹੈ। ਆਪਣੇ ਬਿਆਨ 'ਚ ਉਸਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਉਸ ਨਾਲ ਪੰਜ ਕਨਾਲਾਂ ਜ਼ਮੀਨ ਦਾ ਸੌਦਾ 7 ਲੱਖ 35 ਹਜ਼ਾਰ ਰੁਪਏ ਵਿੱਚ ਕੀਤਾ ਸੀ, ਜਿਸ ਵਿੱਚੋਂ ਮਈ 2016 'ਚ ਉਸ ਨੂੰ 3 ਲੱਖ 40 ਹਜ਼ਾਰ ਰੁਪਏ ਦੇ ਕੇ ਬਿਆਨਾ ਲਿਖਵਾ ਲਿਆ ਗਿਆ। ਰਜਿਸਟਰੀ ਦੇ ਲਈ ਫਰਵਰੀ 2017 ਦਾ ਸਮਾਂ ਰੱਖਿਆ ਗਿਆ, ਪਰ ਰਜਿਸਟਰੀ ਵਾਲੇ ਦਿਨ ਉਹ ਨਹੀਂ ਪਹੁੰਚਿਆ। ਹਰਚਰਨ ਸਿੰਘ ਨੂੰ ਬਾਅਦ 'ਚ ਪਤਾ ਚੱਲਿਆ ਕਿ ਕਥਿਤ ਦੋਸ਼ੀ, ਜੋ ਜ਼ਮੀਨ ਉਸਨੂੰ ਵੇਚਣ ਜਾ ਰਿਹਾ ਸੀ, ਉਸ 'ਚ ਤਿੰਨ ਕਨਾਲਾਂ ਹੀ ਉਸਦੀ ਆਪਣੀ ਜ਼ਮੀਨ ਹੈ, ਜਦੋਂਕਿ ਬਾਕੀ ਦੋ ਕਨਾਲਾਂ ਜ਼ਮੀਨ ਉਸਦੀ ਭੂਆ ਦੀ ਹੈ, ਜਿਸ ਦਾ ਸੌਦਾ ਉਸਨੇ ਭੂਆ ਨੂੰ ਬਿਨ੍ਹਾਂ ਦੱਸੇ ਹੀ ਕਰ ਦਿੱਤਾ ਸੀ। ਪੁਲਿਸ ਅਧਿਕਾਰੀ ਇਕਬਾਲ ਸਿੰਘ ਨੇ ਕਿਹਾ ਕਿ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।