ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਵਿਚ 83 ਲੱਖ ਲੋਕਾਂ ਨੇ ਆਪਣੀ ਮਰਜ਼ੀ ਨਾਲ ਐਲਪੀਜੀ ਸਬਸਿਡੀ ਛੱਡ ਦਿੱਤੀ ਹੈ। ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਬੁੱਧਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਸਰਕਾਰ ਸਬਸਿਡੀ ਵਿਵਸਥਾ ਵਿਚ ਸੁਧਾਰ ਲਈ ਵਚਨਬੱਧ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਗ੍ਰਹਿ ਮੰਤਰੀ ਦੀ ਅਗਵਾਈ ਵਿਚ ਉਚ ਪੱਧਰੀ ਕਮੇਟੀ ਪੁਡੂਚੇਰੀ ਲਈ ਹੜ੍ਹ ਰਾਹਤ ਪੈਕੇਜ ਦੀ ਸਮੀਖਿਆ ਕਰ ਰਹੀ ਹੈ। ਕੇਂਦਰ ਸ਼ਾਸਤ ਸੂਬਿਆਂ ਵਿਚ ਆਫ਼ਤ ਦੀ ਸਥਿਤੀ ਵਿਚ ਵਿਸ਼ੇਸ਼ ਫੰਡ ਦੀ ਵਿਵਸਥਾ ਵੀ ਕੀਤੀ ਗਈ ਹੈ।

100 ਤੋਂ ਵੱਧ ਪ੍ਰਾਚੀਨ ਚੀਜ਼ਾਂ ਚੋਰੀ

ਸਾਲ 2000 ਤੋਂ ਹੁਣ ਤਕ ਵੱਖ-ਵੱਖ ਯਾਦਗਾਰਾਂ ਤੋਂ 100 ਤੋਂ ਵੱਧ ਪ੍ਰਾਚੀਨ ਮਹੱਤਵ ਦੀਆਂ ਚੀਜ਼ਾਂ ਦੀ ਚੋਰੀ ਹੋ ਗਈ ਹੈ। ਇਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਕੇਂਦਰ ਸਰਕਾਰ ਦਾ ਸੀ। ਸੱਭਿਆਚਾਰ ਮੰਤਰੀ ਮਹੇਸ਼ ਸ਼ਰਮਾ ਨੇ ਰਾਜ ਸਭਾ ਵਿਚ ਦੱਸਿਆ ਕਿ ਪਿਛਲੇ ਛੇ ਸਾਲਾਂ ਵਿਚ ਸੀਬੀਆਈ ਨੇ ਭਾਰਤ ਤੋਂ ਚੋਰੀ ਪ੍ਰਾਚੀਨ ਚੀਜ਼ਾਂ ਨੂੰ ਵਿਦੇਸ਼ ਵਿਚ ਵੇਚਣ ਦਾ ਇਕ ਮਾਮਲਾ ਦਰਜ ਕੀਤਾ ਹੈ। ਤਾਮਿਲਨਾਡੂ ਵਿਚ ਭਾਰਤੀ ਪੁਰਾਤੱਤਵ ਸਰਵੇਖਣ ਦੀ ਨਿਗਰਾਨੀ ਵਿਚ ਨਾ ਆਉਣ ਵਾਲੇ ਵੱਖ-ਵੱਖ ਮੰਦਰਾਂ ਤੋਂ 48 ਚੀਜ਼ਾਂ ਚੋਰੀ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਨਿਊਯਾਰਕ ਸਥਿਤ ਭਾਰਤ ਦੇ ਵਣਜ ਦੂਤਘਰ ਨੇ 712 ਚੀਜ਼ਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਵਿਚ ਭਾਰਤ ਨਾਲ ਸਬੰਧਤ ਚੀਜ਼ਾਂ ਵੀ ਹਨ।

ਫੜੇ ਗਏ 46 ਪਾਕਿ ਜਾਸੂਸ

ਕੇਂਦਰ ਅਤੇ ਸੂਬਿਆਂ ਦੀਆਂ ਵੱਖ-ਵੱਖ ਏਜੰਸੀਆਂ ਨੇ 2013-16 ਵਿਚਾਲੇ 46 ਪਾਕਿਸਤਾਨੀ ਜਾਸੂਸਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗ੍ਰਹਿ ਰਾਜ ਮੰਤਰੀ ਹਰੀਭਾਈ ਪਾਰਥੀਭਾਈ ਚੌਧਰੀ ਨੇ ਰਾਜ ਸਭਾ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਹਾਲਾਂਕਿ ਕਿਹਾ ਕਿ ਦੇਸ਼ ਵਿਚ ਪਾਕਿਸਤਾਨੀ ਜਾਸੂਸਾਂ ਦੀ ਗਿਣਤੀ ਵਿਚ ਵਾਧਾ ਨਹੀਂ ਹੋਇਆ ਹੈ।