-ਜਲ ਸੈਨਾ, ਤੱਟ ਰਖਿਅਕ ਅਤੇ ਹਵਾਈ ਫ਼ੌਜ ਰਾਹਤ ਕਾਰਜਾਂ 'ਚ ਲੱਗੀ

ਚੇਨਈ (ਪੀਟੀਆਈ) : ਫ਼ੌਜ ਨੇ ਓਖੀ ਚੱਕਰਵਾਤੀ ਤੂਫ਼ਾਨ ਕਾਰਨ ਸਮੁੰਦਰ 'ਚ ਫਸੇ 357 ਮਛੇਰਿਆਂ ਨੂੰ ਐਤਵਾਰ ਸਵੇਰੇ ਸੁਰੱਖਿਅਤ ਬਾਹਰ ਕੱਢ ਲਿਆ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਵਾਈ ਫ਼ੌਜ, ਜਲ ਸੈਨਾ ਅਤੇ ਤੱਟ ਰਖਿਅਕ ਮੁਲਾਜ਼ਮਾਂ ਨੇ ਇਨ੍ਹਾਂ ਮਛੇਰਿਆਂ ਨੂੰ ਬਚਾਇਆ। ਇਨ੍ਹਾਂ ਵਿਚ ਕੇਰਲ ਦੇ 248, ਤਾਮਿਲਨਾਡੂ ਦੇ 71 ਅਤੇ ਲਕਸ਼ਦੀਪ ਦੇ 38 ਮਛੇਰੇ ਸ਼ਾਮਿਲ ਹਨ। ਸੀਤਾਰਮਨ ਹਾਲਾਤ ਦਾ ਜਾਇਜ਼ਾ ਲੈਣ ਲਈ ਚੱਕਰਵਾਤ ਤੋਂ ਪ੍ਰਭਾਵਿਤ ਕੰਨਿਆਕੁਮਾਰੀ ਦਾ ਦੌਰਾ ਕਰਨਗੇ।

ਰੱਖਿਆ ਮੰਤਰੀ ਨੇ ਦੱਸਿਆ ਕਿ 30 ਨਵੰਬਰ ਤੋਂ ਤੱਟ ਰਖਿਅਕਾਂ ਦੇ ਦੋ ਜਹਾਜ਼, ਦੋ ਹਵਾਈ ਜਹਾਜ਼ ਅਤੇ ਇਕ ਹੈਲੀਕਾਪਟਰ ਤਾਮਿਲਨਾਡੂ ਦੇ ਮਛੇਰਿਆਂ ਦੀ ਭਾਲ ਅਤੇ ਬਚਾਅ ਕਾਰਜਾਂ ਵਿਚ ਲਗਾਏ ਗਏ। ਇਸੇ ਤਰ੍ਹਾਂ ਉਸ ਨੇ ਕੇਰਲ ਵਿਚ ਸੱਤ ਅਤੇ ਲਕਸ਼ਦੀਪ ਵਿਚ ਇਕ ਜਹਾਜ਼ ਲਗਾਇਆ ਜਦਕਿ ਜਲ ਸੈਨਾ ਨੇ ਕੇਰਲ ਵਿਚ ਛੇ ਜਹਾਜ਼, ਦੋ ਹਵਾਈ ਜਹਾਜ਼ ਅਤੇ ਦੋ ਹੈਲੀਕਾਪਟਰ ਤਾਇਨਾਤ ਕੀਤੇ ਹਨ। ਹਵਾਈ ਫ਼ੌਜ ਨੇ ਤਾਮਿਲਨਾਡੂ ਅਤੇ ਕੇਰਲ ਵਿਚ ਬਚਾਅ ਕੰਮਾਂ ਲਈ ਇਕ ਜਹਾਜ਼ ਅਤੇ ਦੋ ਹੈਲੀਕਾਪਟਰ ਲਗਾਏ ਹਨ। ਸ਼ਨਿਚਰਵਾਰ ਨੂੰ ਤੱਟ ਰਖਿਅਕਾਂ ਤਾਮਿਲਨਾਡੂ ਵਿਚ ਇਕ ਜਹਾਜ਼ ਅਤੇ ਇਕ ਹਵਾਈ ਜਹਾਜ਼ ਤਾਇਨਾਤ ਕੀਤੇ। ਉਸ ਨੇ ਕੇਰਲ ਵਿਚ ਅੱਠ ਜਹਾਜ਼, ਦੋ ਹਵਾਈ ਜਹਾਜ਼ ਇਕ ਹੈਲੀਕਾਪਟਰ ਤਾਇਨਾਤ ਕੀਤੇ। ਜਲ ਸੈਨਾ ਨੇ ਕੇਰਲ ਵਿਚ ਅੱਠ ਜਹਾਜ਼, ਦੋ ਹਵਾਈ ਜਹਾਜ਼ ਅਤੇ ਚਾਰ ਹੈਲੀਕਾਪਟਰ ਤਾਇਨਾਤ ਕੀਤੇ ਹਨ। ਇਸ ਦੌਰਾਨ ਕੇਰਲ ਦੇ ਤੱਟੀ ਖੇਤਰਾਂ ਵਿਚ ਮਛੇਰਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਰਾਜ ਸਰਕਾਰ 'ਤੇ ਬਚਾਅ ਕੰਮਾਂ ਵਿਚ ਿਢੱਲ ਵਰਤਣ ਦਾ ਦੋਸ਼ ਲਗਾਇਆ। ਲੋਕਾਂ ਨੇ ਅਲਪੁਝਾ ਅਤੇ ਚੇਲਾਨਮ ਸਮੇਤ ਕਈ ਖੇਤਰਾਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਗਏ।

321 ਮਛੇਰੇ ਮਹਾਰਾਸ਼ਟਰ ਪੁੱਜੇ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਦੱਸਿਆ ਕਿ ਚੱਕਰਵਾਤ ਕਾਰਨ ਸਮੁੰਦਰ ਵਿਚ ਫਸੇ 28 ਕਿਸ਼ਤੀਆਂ 'ਤੇ ਸਵਾਰ 321 ਮਛੇਰੇ ਐਤਵਾਰ ਨੂੰ ਮਹਾਰਾਸ਼ਟਰ ਦੇ ਸਲਾਗਿਰੀ ਤੱਟ 'ਤੇ ਸੁਰੱਖਿਅਤ ਪੁੱਜੇ। ਇਨ੍ਹਾਂ ਵਿਚ 23 ਕਿਸ਼ਤੀਆਂ ਤਾਮਿਲਨਾਡੂ, ਤਿੰਨ ਕੇਰਲ ਅਤੇ ਦੋ ਕਰਨਾਟਕ ਦੀਆਂ ਹਨ।

ਰਾਸ਼ਟਰੀ ਆਫ਼ਤ ਦਾ ਐਲਾਨ ਨਹੀਂ

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਚੱਕਰਵਾਤ ਓਖੀ ਨੂੰ ਰਾਸ਼ਟਰੀ ਆਫ਼ਤ ਨਹੀਂ ਐਲਾਨਿਆ ਜਾ ਸਕਦਾ ਪ੍ਰੰਤੂ ਹਾਲਾਤ ਨਾਲ ਨਿਪਟਣ ਲਈ ਜ਼ਰੂਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਕਂੇਦਰੀ ਮੰਤਰੀ ਕੰਨਨਥਨਮ ਅਲਫੋਂਸ ਨੇ ਤਿਰੂਅਨੰਤਪੁਰਮ ਵਿਚ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਉੱਚ ਪੱਧਰੀ ਮੀਟਿੰਗ ਪਿੱਛੋਂ ਕਿਹਾ ਕਿ ਕੇਂਦਰ ਰਾਜ ਸਰਕਾਰ ਨੂੰ ਪਹਿਲੇ ਹੀ ਰਾਹਤ ਰਾਸ਼ੀ ਦੇ ਚੁੱਕਾ ਹੈ।