-ਸੰਯੁਕਤ ਰਾਸ਼ਟਰ ਦੀ ਮੁੱਢਲਾ ਆਕਲਨ

-ਮਾਂ ਸਬੰਧੀ ਸਿਹਤ ਸੇਵਾਵਾਂ 'ਤੇ ਪਿਆ ਅਸਰ

ਕਾਠਮੰਡੂ (ਏਜੰਸੀ) : ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਨੇਪਾਲ 'ਚ ਆਏ ਵਿਨਾਸ਼ਕਾਰੀ ਭੂਚਾਲ ਨਾਲ ਤਕਰੀਬਨ 50 ਹਜ਼ਾਰ ਗਰਭਵਤੀ ਮਹਿਲਾਵਾਂ ਅਤੇ ਲੜਕੀਆਂ ਪ੍ਰਭਾਵਤ ਹੋ ਸਕਦੀਆਂ ਹਨ। ਇਸ ਆਫਤ 'ਚ 10 ਹਜ਼ਾਰ ਲੋਕਾਂ ਦੇ ਮਰਨ ਦਾ ਖ਼ਦਸ਼ਾ ਹੈ, ਜਦਕਿ ਤਕਰੀਬਨ 80 ਲੱਖ ਜ਼ਿੰਦਗੀਆਂ 'ਤੇ ਅਸਰ ਪੈ ਰਿਹਾ ਹੈ।

ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂਐਨਐਫਪੀਏ) ਦੇ ਮੁੱਢਲੇ ਅੰਦਾਜ਼ਿਆਂ ਤੋਂ ਜ਼ਾਹਰ ਹੁੰਦਾ ਹੈ ਕਿ ਭੂਚਾਲ ਪ੍ਰਭਾਵਤ ਨੇਪਾਲ 'ਚ ਜਿਊਂਦੇ ਬਚੇ ਲੋਕਾਂ 'ਚ ਲਗਭਗ 50 ਹਜ਼ਾਰ ਗਰਭਵਤੀ ਅੌਰਤਾਂ ਅਤੇ ਲੜਕੀਆਂ ਹੋ ਸਕਦੀਆਂ ਹਨ। ਇਸ ਵੀ ਦੱਸਿਆ ਗਿਆ ਹੈ ਕਿ ਆਫਤ ਕਾਰਨ ਗਰਭਵਤੀ ਮਹਿਲਾਵਾਂ ਦੀ ਪ੍ਰਸਤੂਤਾ ਤੋਂ ਪਹਿਲਾਂ ਦੇਖ-ਭਾਲ, ਸੁਰੱਖਿਅਤ ਪ੍ਰਸਵ ਅਤੇ ਸੰਕਟਮਈ ਪ੍ਰਸੂਤੀ ਸਮੇਤ ਜ਼ਰੂਰੀ ਮਾਂ ਸਬੰਧੀ ਸੇਵਾਵਾਂ ਪ੍ਰਭਾਵਤ ਹੋਈਆਂ। ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਮਹਿਲਾਵਾਂ ਅਤੇ ਲੜਕੀਆਂ ਲਈ ਜਿਣਸੀ ਹਿੰਸਾ ਅਤੇ ਦੂਸਰੇ ਖਤਰੇ ਵੀ ਗੰਭੀਰ ਹੋਏ ਹੋਣਗੇ। ਇਕ ਬਿਆਨ 'ਚ ਯੂਐਨਐਫਪੀਏ ਦੀ ਮਾਨਵੀ ਪ੍ਰਤਿਕਿਰਿਆ ਤਾਲਮੇਲ (ਏਸ਼ੀਆ ਤੇ ਪ੍ਰਸ਼ਾਤ ਖੇਤਰ) ਪਿ੍ਰਆ ਮਰਵਾਹ ਨੇ ਕਿਹਾ, 'ਉਥਲ-ਪੁਥਲ ਅਤੇ ਕੁਦਰਤੀ ਆਫਤਾਂ 'ਚ ਗਰਭ ਅਵਸਥਾ ਸਬੰਧੀ ਮੌਤਾਂ ਅਤੇ ਲਿੰਗ ਅਧਾਰਤ ਹਿੰਸਾ ਵੱਧ ਜਾਂਦੀ ਹੈ। ਕਈ ਮਹਿਲਾਵਾਂ ਜ਼ਰੂਰੀ ਸਿਹਤ ਸੇਵਾਵਾਂ ਤੋਂ ਵਾਂਝੀਆਂ ਹੋ ਜਾਂਦੀਆਂ ਹਨ ਅਤੇ ਅਜਿਹੇ ਹਾਲਾਤਾਂ 'ਚ ਸੁਰੱਖਿਅਤ ਪ੍ਰਸਵ ਸੇਵਾਵਾਂ ਦੀ ਘਾਟ 'ਚ ਬੱਚੇ ਨੂੰ ਜਨਮ ਦਿੰਦੀਆਂ ਹਨ। ਸੰਯੁਕਤ ਰਾਸ਼ਠਰ ਦੀ ਇਹ ਏਜੰਸੀ ਇਨ੍ਹਾਂ ਜ਼ਰੂਰਤਾਂ ਦੇ ਹੱਲ ਲਈ ਸਰਕਾਰ ਅਤੇ ਮਾਨਵੀ ਸਹਿਯੋਗੀਆਂ ਨਾਲ ਤਾਲਮੇਲ ਕਰ ਰਹੀ ਹੈ। ਐਮਰਜੈਂਸੀ ਸਟਾਫ ਨੂੰ ਤੈਨਾਤ ਕੀਤਾ ਜਾ ਰਿਹਾ ਹੈ ਅਤੇ ਸਿਹਤ ਸਬੰਧੀ ਸਾਜੋ-ਸਾਮਾਨ ਨੇਪਾਲ ਭੇਜਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮੁਤਾਬਕ ਨੇਪਾਲ 'ਚ ਆਏ ਭਿਅੰਕ ਭੂਚਾਲ ਨੇ ਦੇਸ਼ ਦੀ ਇਕ ਚੌਥਾਈ ਤੋਂ ਜ਼ਿਆਦਾ ਆਬਾਦੀ ਅਰਥਾਤ 80 ਲੱਖ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ।