ਸਟਾਫ ਰਿਪੋਰਟਰ, ਜਲੰਧਰ : ਰਾਜਪੁਰਾ ਨੇੜੇ ਸਥਿਤ ਕੈਮੀਕਲ ਤਿਆਰ ਕਰਨ ਵਾਲੀ ਫੈਕਟਰੀ 'ਚ ਬਤਖਾਂ 'ਚ ਪਾਏ ਗਏ ਬਰਡ ਫਲੂ ਲਈ ਪ੍ਰਦੇਸ਼ ਭਰ 'ਚ ਦਹਿਸ਼ਤ ਵਾਲਾ ਮਾਹੌਲ ਹੈ। ਸਿਹਤ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਸ਼ੂ ਪਾਲਣ ਵਿਭਾਗ ਨੇ ਕਾਫ਼ੀ ਮਸ਼ੱਕਤ ਕਰਨ ਦੇ ਬਾਅਦ ਬੁੱਧਵਾਰ ਦੇਰ ਰਾਤ ਤਕ ਫੈਕਟਰੀ 'ਚ ਬਣਾਏ ਗਏ ਤਲਾਅ 'ਚੋਂ ਮਿਲੀਆਂ 33 ਬਤਖਾਂ ਦਾ ਖ਼ਾਤਮਾ ਕਰ ਦਿੱਤਾ ਹੈ। ਇਸ ਨਾਲ ਦੂਜੇ ਪੰਛੀਆਂ 'ਚ ਬਰਡ ਫਲੂ ਫੈਲਾਉਣ ਦਾ ਖ਼ਤਰਾ ਕਾਫ਼ੀ ਹੱਦ ਤਕ ਟਲ ਗਿਆ ਹੈ। ਬੁੱਧਵਾਰ ਦੁਪਹਿਰ ਪਸ਼ੂ ਪਾਲਣ ਵਿਭਾਗ ਵੱਲੋਂ ਰਾਜਪੂਰਾ ਨੇੜੇ ਸਥਿਤ ਇਕ ਫੈਕਟਰੀ 'ਚ ਬਰਡ ਫਲੂ ਹੋਣ ਦੀ ਸੂਚਨਾ ਜਾਰੀ ਕਰਕੇ ਸਾਰੇ ਵਿਭਾਗਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਆਰਡੀਡੀਐੱਲ ਨਾਰਥ ਇੰਡੀਆ ਦੇ ਜੁਆਇੰਟ ਡਾਇਰੈਕਟਰ ਡਾ. ਵਿਨੇ ਮੋਹਨ ਦੀ ਅਗਵਾਈ ਹੇਠ ਸਿਹਤ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੌਕੇ 'ਤੇ ਪੁੱਜ ਗਈ। ਮੌਕੇ 'ਤੇ ਸਮੱਸਿਆ ਦੇ ਹੱਲ ਲਈ ਫੈਕਟਰੀ ਪ੍ਰਬੰਧਕਾਂ ਨੇ ਟਾਲਾ ਵੱਟਿਆ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਦਬਾਅ ਤੋਂ ਬਾਅਦ ਫੈਕਟਰੀ ਪ੍ਰਬੰਧਕਾਂ ਨੇ ਆਪਣੀ ਟੀਮ ਵੀ ਮੌਕੇ 'ਤੇ ਸੱਦ ਲਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੈਕਟਰੀ 'ਚ ਕਰੀਬ ਦੋ ਏਕੜ ਜ਼ਮੀਨ 'ਤੇ ਬਣੇ ਤਲਾਅ 'ਚ ਬਤਖਾਂ ਫੜਨ ਲਈ ਕਿਸ਼ਤੀ ਦਾ ਪ੍ਰਬੰਧ ਕੀਤਾ ਗਿਆ।

ਡਾ. ਵਿਨੈ ਮੋਹਨ ਨੇ ਦੱਸਿਆ ਕਿ ਬਤਖਾਂ ਫੜਨ 'ਚ ਕਾਫ਼ੀ ਮਿਹਨਤ ਕਰਨੀ ਪਈ। ਬੁੱਧਵਾਰ ਦੇਰ ਰਾਤ ਕਰੀਬ ਤਿੰਨ ਵਜੇ ਤਕ ਸਾਰੀਆਂ ਬਤਖਾਂ ਫੜ ਕੇ ਉਨ੍ਹਾਂ ਦਾ ਖ਼ਾਤਮਾ ਕਰਕੇ ਉਨ੍ਹਾਂ ਨੂੰ ਦਫਨ ਕਰ ਦਿੱਤਾ ਗਿਆ। ਸਿਹਤ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੇ ਫੈਕਟਰੀ 'ਚ 10 ਕਿਲੋਮੀਟਰ ਦੇ ਦਾਇਰੇ 'ਚ ਅਲਰਟ ਕਰ ਦਿੱਤਾ ਹੈ। ਟੀਮਾਂ 10 ਕਿਲੋਮੀਟਰ ਦੇ ਦਾਇਰੇ 'ਚ ਮੁਰਗੀ ਫਾਰਮ, ਬਤਖਾਂ ਤੇ ਈਮੂ ਦੇ ਫਾਰਮ ਹਾਊਸ ਦਾ ਦੌਰਾ ਅਗਲੇ ਤਿੰਨ ਮਹੀਨੇ ਤਕ ਉਨ੍ਹਾਂ ਦੀ ਬਿੱਠ ਦੈ ਸੈਂਪਲ ਲੈ ਕੇ ਭੇਜਣਗੇ। ਆਪਰੇਸ਼ਨ 'ਚ ਸ਼ਾਮਲ ਸਿਹਤ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਦੇ ਮੈਂਬਰਾਂ 'ਤੇ ਖ਼ਾਸ ਨਿਗਰਾਨੀ ਰਖੀ ਜਾਵੇਗੀ। ਉਨ੍ਹਾਂ ਨੇ ਪੂਰੇ ਪੰਜਾਬ 'ਚ ਮੁਰਗੀ, ਈਮੂ, ਬਤਖਾਂ ਦੇ ਫਾਰਮਾਂ ਤੋਂ ਸੈਂਪਲ ਲੈਣ ਦੀ ਹਦਾਇਤਾਂ ਜਾਰੀ ਕੀਤੀਆਂ ਹਨ। ਆਈਡੀਐੱਸਪੀ ਦੇ ਸੂਬਾ ਨੋਡਲ ਅਫਸਰ ਡਾ. ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਨੇ ਸੂਬਾ ਪੱਧਰੀ ਟੀਮਾਂ ਨੂੰ ਅਲਰਟ ਕਰ ਦਿੱਤਾ ਹੈ। ਪਸ਼ੂ ਪਾਲਣ ਵਿਭਾਗ ਦੇ ਨਾਲ ਤਾਲਮੇਲ ਨਾਲ ਕੰਮ ਕਰਨਗੀਆਂ।

ਪੰਛੀਆਂ 'ਚ ਮਿਲਿਆ ਨਵਾਂ ਵਾਇਰਸ ਐੱਚ5ਐੱਨ8

ਆਰਡੀਡੀਐੱਲ ਨਾਰਥ ਇੰਡੀਆ ਦੇ ਜੁਆਇੰਟ ਡਾਇਰੈਕਟਰ ਡਾ. ਵਿਨੈ ਮੋਹਨ ਦਾ ਕਹਿਣਾ ਹੈ ਕਿ ਦਿੱਲੀ ਤੇ ਰਾਜਪੁਰਾ 'ਚ ਪਾਏ ਗਏ ਬਰਡ ਫਲੂ ਬਾਰੇ ਪੰਛੀਆਂ 'ਚ ਨਵਾਂ ਵਾਇਰਸ ਐੱਚ5ਐੱਨ8 ਮਿਲਿਆ ਹੈ। ਇਹ ਵਾਇਰਸ ਪਿਛਲੀ ਵਾਰ ਪਾਏ ਗਏ ਵਾਇਰਸ ਤੋਂ ਹਲਕਾ ਕਮਜ਼ੋਰ ਹੈ। ਜਦਕਿ ਚੰਡੀਗੜ੍ਹ ਵਿਚ ਫੈਲੇ ਬਰਡ ਫਲੂ ਵਿਚ ਐੱਚ5ਐੱਨ1 ਏਵੀਅਨ ਫਲੂ ਦੀ ਰਿਪੋਰਟ ਆਈ ਸੀ।