ਮੁੰਬਈ (ਪੀਟੀਆਈ) : ਦਲਾਲ ਸਟਰੀਟ 'ਚ ਮੰਗਲਵਾਰ ਨੂੰ ਲਗਾਤਾਰ ਛੇ ਦਿਨਾਂ ਤੋਂ ਜਾਰੀ ਤੇਜ਼ੀ 'ਤੇ ਬਰੇਕ ਲੱਗ ਗਈ। ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਦੇ ਮਿੰਟਜ਼ ਜਾਰੀ ਹੋਣ ਨਾਲ ਪਹਿਲੇ ਹੀ ਚੌਕਸ ਨਿਵੇਸ਼ਕਾਂ ਨੇ ਚੋਣਵੇਂ ਸ਼ੇਅਰਾਂ 'ਚ ਮੁਨਾਫ਼ਾ ਵਸੂਲੀ ਕੀਤੀ। ਇਸ ਨਾਲ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ 111.89 ਅੰਕ ਟੁੱਟ ਕੇ 27166.87 ਅੰਕ 'ਤੇ ਪਹੁੰਚ ਗਿਆ। ਬੀਤੇ ਛੇ ਦਿਨਾਂ 'ਚ ਇਹ ਸੰਵੇਦੀ ਸੂਚਕਅੰਕ ਲਗਪਗ 881 ਅੰਕ ਮਜ਼ਬੂਤ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 34.75 ਅੰਕ ਟੁੱਟ ਕੇ 8335.95 ਅੰਕ 'ਤੇ ਬੰਦ ਹੋਇਆ।

ਕੇਂਦਰੀ ਕੈਬਨਿਟ ਦੇ ਵਿਸਥਾਰ ਨੇ ਨਿਵੇਸ਼ਕਾਂ ਨੂੰ ਕੁਝ ਖਾਸ ਪ੍ਰਭਾਵਿਤ ਨਹੀਂ ਕੀਤਾ। ਪੀਐੱਮਆਈ ਸਰਵੇ 'ਚ ਸਰਵਿਸ ਖੇਤਰ ਦੀਆਂ ਗਤੀਵਿਧੀਆਂ 'ਚ ਗਿਰਾਵਟ ਨੇ ਬਾਜ਼ਾਰ ਦੀ ਕਾਰੋਬਾਰੀ ਧਾਰਨਾ 'ਤੇ ਵੀ ਉਲਟਾ ਅਸਰ ਪਾਇਆ। ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਦਾ ਵੀ ਅਸਰ ਪਿਆ।

ਤੀਹ ਸ਼ੇਅਰਾਂ ਵਾਲਾ ਸੈਂਸੈਕਸ ਇਸ ਦਿਨ 27340.72 ਅੰਕ 'ਤੇ ਮਜ਼ਬੂਤ ਖੁੱਲ੍ਹਾ। ਇਸ ਦਾ ਉੱਚਾ ਪੱਧਰ 27348.66 ਅੰਕ ਰਿਹਾ। ਆਖ਼ਰੀ ਕਾਰੋਬਾਰੀ ਘੰਟਿਆਂ 'ਚ ਨਿਵੇਸ਼ਕਾਂ ਦੀ ਬਿਕਵਾਲੀ ਦੇ ਬੁੱਲੇ 'ਚ ਇਸ ਨੇ 27127.30 ਅੰਕ ਦਾ ਹੇਠਲਾ ਪੱਧਰ ਛੋਹਿਆ। ਬੀਐੱਸਈ ਦੇ ਸੂਚਕਅੰਕਾਂ 'ਚ ਆਟੋ, ਪਾਵਰ, ਰੀਅਲ ਅਸਟੇਟ, ਟੈਕਨਾਲੋਜੀ, ਆਈਟੀ, ਤੇਲ ਤੇ ਗੈਸ, ਬੈਂਕਿੰਗ ਅਤੇ ਕੰਜ਼ਿਊਮਰ ਡਿਊਰੇਬਲ ਜ਼ਿਆਦਾ ਟੁੱਟੇ। ਸੈਂਸੈਕਸ ਦੀਆਂ ਤੀਹ ਕੰਪਨੀਆਂ ਵਿਚੋਂ 19 ਦੇ ਸ਼ੇਅਰ ਟੁੱਟੇ, ਜਦਕਿ 11 'ਚ ਚੜ੍ਹਤ ਦਰਜ ਕੀਤੀ ਗਈ।