ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤੀ ਫੌਜ ਦੀ ਪਾਕਿ ਐੱਲਓਸੀ ਦੇ ਪਾਰ ਦੇਰ ਰਾਤ ਕੀਤੀ ਗਈ ਕਾਰਵਾਈ ਨੇ ਵਿੱਤੀ ਬਾਜ਼ਾਰਾਂ ਵਿਚ ਵੀ ਹਲਚਲ ਮਚਾ ਦਿੱਤੀ। ਸਰਜੀਕਲ ਸਟ੫ਾਈਕ ਦੀ ਖਬਰ ਆਉਂਦੇ ਹੀ ਵਿੱਤੀ ਬਾਜ਼ਾਰਾਂ ਵਿਚ ਹਫੜਾ-ਦਫੜੀ ਮਚ ਗਈ। ਸੈਂਸੈਕਸ 700 ਅੰਕ ਹੇਠਾਂ ਚਲਾ ਗਿਆ ਤਾਂ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਬਿਕਵਾਲੀ ਦੇ ਖਦਸ਼ੇ ਕਾਰਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਨੂੰ ਵੀ ਢਾਹ ਲੱਗੀ। ਹਾਲਾਂਕਿ ਬਾਅਦ ਵਿਚ ਬਾਜ਼ਾਰ ਸੰਭਲਿਆ ਅਤੇ ਸੈਂਸੈਕਸ 465 ਅੰਕ ਟੁੱਟ ਕੇ ਬੰਦ ਹੋਇਆ। ਰੁਪਏ ਵਿਚ ਵੀ ਡਾਲਰ ਦੇ ਮੁਕਾਬਲੇ 39 ਪੈਸੇ ਦੀ ਗਿਰਾਵਟ ਆਈ। ਸ਼ੇਅਰ ਬਾਜ਼ਾਰ ਬੀਤੇ 6 ਮਹੀਨੇ ਦੇ ਤੇਜ਼ੀ ਦੇ ਮੂਡ ਵਿਚ ਸਨ। ਇਸ ਸਾਲ ਹਾਲੇ ਤਕ ਵਿਦੇਸ਼ੀ ਨਿਵੇਸ਼ਕ ਵੀ ਬਾਜ਼ਾਰ ਵਿਚ 50 ਹਜ਼ਾਰ ਕਰੋੜ ਰੁਪਏ ਲਗਾ ਚੁੱਕੇ ਹਨ ਜਿਸ ਕਾਰਨ ਬਾਜ਼ਾਰ ਕਰੀਬ 25 ਫੀਸਦੀ ਉੱਪਰ ਉੱਠ ਚੁੱਕਾ ਹੈ। ਜਿਵੇਂ ਹੀ ਸਾਢੇ ਕੁ ਬਾਰਾਂ ਵਜੇ ਸਰਜੀਕਲ ਸਟ੍ਰਾਈਕ ਦੀ ਖਬਰ ਆਈ ਤਾਂ ਬਾਜ਼ਾਰ ਵਿਚ ਘਬਰਾਹਟ ਫੈਲ ਗਈ। ਜੰਗ ਦੇ ਖਦਸ਼ੇ ਕਾਰਨ ਸੈਂਸੈਕਸ 465 ਅੰਕ ਟੁੱਟ ਕੇ 27827.53 ਅੰਕ 'ਤੇ ਅਤੇ ਨਿਫਟੀ 153.90 ਅੰਕ ਟੁੱਟ ਕੇ 8591.25 ਅੰਕ 'ਤੇ ਬੰਦ ਹੋਇਆ। ਹਾਲਾਂਕਿ ਇਸ ਗਿਰਾਵਟ ਨੂੰ ਸਥਾਈ ਰੁਖ ਵਜੋਂ ਨਹੀਂ ਦੇਖਿਆ ਜਾ ਰਿਹਾ। 1999 ਵਿਚ ਕਾਰਗਿਲ ਜੰਗ ਸਮੇਂ ਵੀ ਲੜਾਈ ਸ਼ੁਰੂ ਹੋਣ ਤੋਂ ਲੈ ਕੇ ਅੰਤ ਹੋਣ ਤਕ ਸ਼ੁਰੂਆਤੀ ਗਿਰਾਵਟ ਦੇ ਬਾਵਜੂਦ ਬਾਜ਼ਾਰ ਨੇ ਵਾਪਸੀ ਕਰਦਿਆਂ 13 ਫੀਸਦੀ ਦੀ ਚੜ੍ਹਤ ਦਰਜ ਕੀਤੀ ਸੀ।

ਕਰੰਸੀ ਬਾਜ਼ਾਰ ਦਾ ਹਾਲ ਵੀ ਲਗਪਗ ਇਹੋ ਰਿਹਾ। ਵਿਦੇਸ਼ੀ ਨਿਵੇਸ਼ਕਾਂ ਨੂੰ ਲੈ ਕੇ ਫੈਲੇ ਖਦਸ਼ੇ ਨੇ ਅਮਰੀਕੀ ਡਾਲਰ ਨੂੰ ਮਜ਼ਬੂਤ ਬਣਾਇਆ ਅਤੇ ਰੁਪਿਆ ਟੁੱਟਦਾ ਰਿਹਾ। ਇਸ ਘਬਰਾਹਟ ਕਾਰਨ ਇਕ ਡਾਲਰ ਦੀ ਕੀਮਤ 39 ਪੈਸੇ ਮਜ਼ਬੂਤ ਹੋ ਕੇ 66.85 ਰੁਪਏ ਹੋ ਗਈ। ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦੇ ਮੱਦੇਨਜ਼ਰ ਸੋਨਾ-ਚਾਂਦੀ ਤੇ ਹੋਰ ਧਾਤੂਆਂ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਰੁਖ ਬਣਿਆ ਰਿਹਾ। ਸ਼ੇਅਰ ਬਾਜ਼ਾਰਾਂ ਵਿਚੋਂ ਪੈਸਾ ਕੱਢ ਕੇ ਨਿਵੇਸ਼ਕਾਂ ਨੇ ਸੋਨਾ-ਚਾਂਦੀ ਵਿਚ ਨਿਵੇਸ਼ ਦਾ ਸੁਰੱਖਿਅਤ ਉਪਾਅ ਅਪਣਾਇਆ। ਇਸ ਕਾਰਨ ਸੋਨਾ 50 ਰੁਪਏ ਪ੍ਰਤੀ 10 ਗ੍ਰਾਮ ਚੜ੍ਹ ਕੇ 31350 ਰੁਪਏ ਅਤੇ ਚਾਂਦੀ 400 ਰੁਪਏ ਚੜ੍ਹ ਕੇ 45550 ਰੁਪਏ ਪ੍ਰਤੀ ਕਿਲੋ ਹੋ ਗਈ। ਇਨ੍ਹਾਂ ਦੇ ਇਲਾਵਾ ਲੋਹ ਤੇ ਅਲੋਹ ਧਾਤੂਆਂ ਜਿਵੇਂ ਕਿ ਐਲੂਮੀਨੀਅਮ, ਕਾਪਰ, ਜ਼ਿੰਕ ਆਦਿ ਕੀਮਤੀ ਧਾਤਾਂ ਵਿਚ ਵੀ ਤੇਜ਼ੀ ਦਾ ਰੁਖ ਰਿਹਾ।