ਬੈਂਗਲੁਰੂ (ਏਜੰਸੀ) : ਸਾਫਟਬੈਂਕ ਕਾਰਪ ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਪੇਮੈਂਟ ਫਰਮ 'ਚ ਵੱਡਾ ਨਿਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਬਾਅਦ ਨੋਇਡਾ ਆਧਾਰਤ ਕੰਪਨੀ ਦੀ ਕੀਮਤ 7 ਅਰਬ ਡਾਲਰ ਤੋਂ ਜ਼ਿਆਦਾ ਹੋ ਸਕਦੀ ਹੈ, ਜੋ ਫਿਲਹਾਲ ਕਰੀਬ 5 ਅਰਬ ਡਾਲਰ ਹੈ। ਜਾਪਾਨੀ ਕੰਪਨੀ ਸਾਫਟਬੈਂਕ ਦੀ ਗੱਲਬਾਤ ਫਲਿਪਕਾਰਟ 'ਚ ਹਿੱਸੇਦਾਰੀ ਲੈਣ ਲਈ ਵੀ ਚਲ ਰਹੀ ਹੈ। ਜੇ ਉਹ ਦੋਵੇਂ ਸੌਦਾ ਕਰ ਲੈਂਦੇ ਹਨ ਤਾਂ ਦੇਸ਼ ਦੇ ਡਿਜੀਟਲ ਕਾਰੋਬਾਰ 'ਚ ਉਸ ਦਾ ਚੰਗਾ ਖ਼ਾਸਾ ਦਖ਼ਲ ਹੋ ਜਾਵੇਗਾ। ਪੇਟੀਐੱਮ 'ਤੇ ਵਨ97 ਕਮਿਊਨੀਕੇਸ਼ਨ ਦਾ ਮਾਲਕਾਨਾ ਹੱਕ ਹੈ। ਸੂਤਰਾਂ ਨੇ ਦੱਸਿਆ ਕਿ ਉਹ ਇਸ ਸੌਦੇ ਲਈ 8 ਅਰਬ ਡਾਲਰ ਜਾਂ ਉਸ ਤੋਂ ਜ਼ਿਆਦਾ ਵੈਲਿਊਏਸ਼ਨ ਦੀ ਮੰਗ ਕਰ ਰਹੀ ਹੈ। ਸਾਫਟਬੈਂਕ ਤੋਂ 1.4-1.9 ਅਰਬ ਡਾਲਰ ਦਾ ਨਿਵੇਸ਼ ਹਾਸਲ ਕਰਨਾ ਚਾਹੁੰਦਾ ਹੈ। ਇਸ ਮਾਮਲੇ 'ਚ ਸਿੱਧੇ ਤੌਰ 'ਤੇ ਜੁੜੇ ਇਕ ਸੂਤਰ ਨੇ ਕਿਹਾ, 'ਇਸ ਸੌਦੇ ਦੇ ਪੂਰਾ ਹੋਣ 'ਚ ਕੁਝ ਮਹੀਨੇ ਦਾ ਸਮਾਂ ਲੱਗ ਸਕਦਾ ਹੈ।' ਉਨ੍ਹਾਂ ਨੇ ਇਹ ਵੀ ਕਿਹਾ ਕਿ ਸੌਦਾ ਹਾਲੇ ਫਾਈਨਲ ਨਹੀਂ ਹੋਇਆ ਹੈ। ਸਾਫਟਬੈਂਕ ਅਤੇ ਪੇਟੀਐੱਮ ਨੇ ਇਸ ਮਾਮਲੇ 'ਚ ਟਿੱਪਣੀ ਕਰਨਾ ਤੋਂ ਮਨ੍ਹਾ ਕਰ ਦਿੱਤਾ। ਮਾਸਾਯੋਸ਼ੀ ਸਨ ਦੀ ਕੰਪਨੀ ਆਨਲਾਈਨ ਮਾਰਕੀਟਪਲੇਸ ਸਨੈਪਡੀਲ ਨੂੰ ਵੇਚਣ ਲਈ ਵੀ ਗੱਲਬਾਤ ਕਰ ਰਹੀ ਹੈ, ਜਿਸ 'ਚ ਉਸ ਦੀ ਵੱਡੀ ਹਿੱਸੇਦਾਰੀ ਹੈ। ਉਹ ਇਸੇ ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਨੂੰ ਵੇਚਣਾ ਚਾਹੁੰਦੀ ਹੈ। ਇਹ ਅਜਿਹਾ ਸੌਦਾ ਹੈ, ਜਿਸ ਨਾਲ ਦੇਸ਼ ਦੀ 16 ਅਰਬ ਡਾਲਰ ਦੀ ਆਨਲਾਈਨ ਰਿਟੇਲ ਸਨਅਤ ਦਾ ਹੁਲੀਆ ਬਦਲ ਸਕਦਾ ਹੈ। ਸਾਫਟਬੈਂਕ ਦੀ ਗੱਲਬਾਤ ਫਲਿਪਕਾਰਟ 'ਚ ਹਿੱਸੇਦਾਰੀ ਲਈ ਚਲ ਰਹੀ ਹੈ ਅਤੇ ਉਹ ਸਨੈਪਡੀਲ ਨੂੰ ਬੈਂਗਲੁਰੂ ਆਧਾਰਤ ਰਾਈਵਲ ਕੰਪਨੀ 'ਚ ਰਲਾਉਣ ਲਈ ਦਬਾਅ ਪਾ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਸਾਫਟਬੈਂਕ ਸਭ ਤੋਂ ਪਹਿਲਾਂ ਫਲਿਪਕਾਰਟ ਨਾਲ ਸੌਦਾ ਕਰਨਾ ਚਾਹੁੰਦੀ ਹੈ। ਪੇਟੀਐੱਮ ਨਾਲ ਗੱਲਬਾਤ 'ਚ ਸਾਫਟਬੈਂਕ ਸਨੈਪਡੀਲ ਦੀ ਡਿਜੀਟਲ ਪੇਮੈਂਟਸ ਇਕਾਈ ਫ੍ਰੀਚਾਰਜ ਨੂੰ ਵੀ ਵੇਚਣ ਲਈ ਗੱਲ ਕਰ ਰਹੀ ਹੈ। ਇਸ ਲਈ ਅਲੱਗ ਤੋਂ ਗੱਲਬਾਤ ਚਲ ਰਹੀ ਹੈ। ਦਰਅਸਲ, ਇਨ੍ਹਾਂ ਤਿੰਨੇ ਸੌਦਿਆਂ ਰਾਹੀਂ ਸਨੈਪਡੀਲ ਭਾਰਤ 'ਚ ਆਪਣੀ ਹੋਲਡਿੰਗਜ਼ ਨੂੰ ਕੰਸਾਲੀਡੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਦੇਸ਼ ਦੀ ਟੈਕਨਾਲੋਜੀ ਸਟਾਰਟਅੱਪਸ 'ਚ ਹੁਣ ਤਕ 2 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਸਾਫਟਬੈਂਕ ਨੂੰ ਲੋਕ ਅਲੀਬਾਬਾ 'ਚ ਸ਼ੁਰੂਆਤੀ ਦੌਰ 'ਚ ਨਿਵੇਸ਼ ਲਈ ਜਾਣਦੇ ਹਨ। ਉਹ ਭਾਰਤੀ ਬਾਜ਼ਾਰ 'ਚ ਉਸੇ ਸਫਲਤਾ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਉਹ ਫਲਿਪਕਾਰਟ ਅਤੇ ਪੇਟੀਐੱਮ 'ਤੇ ਦਾਅ ਲਗਾ ਰਹੀ ਹੈ।