ਮੁੰਬਈ (ਪੀਟੀਆਈ) : ਦਲਾਲ ਸਟਰੀਟ 'ਚ ਲਗਾਤਾਰ ਦੋ ਦਿਨਾਂ ਤੋਂ ਜਾਰੀ ਤੇਜ਼ੀ ਮੰਗਲਵਾਰ ਨੂੰ ਛੂ-ਮੰਤਰ ਹੋ ਗਈ। ਬਰਤਾਨੀਆ 'ਚ ਰਾਇਸ਼ੁਮਾਰੀ ਤੋਂ ਪਹਿਲਾਂ ਚੌਕਸ ਨਿਵੇਸ਼ਕਾਂ ਨੇ ਚੋਣਵੇਂ ਸ਼ੇਅਰਾਂ 'ਚ ਮੁਨਾਫ਼ਾ ਵਸੂਲੀ ਕੀਤੀ। ਇਸ ਨਾਲ ਬੰਬਈ ਸ਼ੇਅਰ ਬਾਜ਼ਾਰ (ਬੀਐਸਈ) ਦਾ ਸੈਂਸੈਕਸ 54.14 ਅੰਕ ਟੁੱਟ ਕੇ 26812.78 ਅੰਕ 'ਤੇ ਪਹੁੰਚ ਗਿਆ। ਬੀਤੇ ਦੋ ਦਿਨਾਂ 'ਚ ਇਹ ਸੰਵੇਦੀ ਸੂਚਕਅੰਕ 341.46 ਅੰਕ ਮਜ਼ਬੂਤ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ ਵੀ 18.60 ਅੰਕ ਟੁੱਟ ਕੇ 8219.90 ਅੰਕ 'ਤੇ ਬੰਦ ਹੋਇਆ।

ਡਾਲਰ ਦੇ ਮੁਕਾਬਲੇ ਰੁਪਏ 'ਚ ਹੋਰ ਕਮਜ਼ੋਰੀ ਨੇ ਵੀ ਨਿਵੇਸ਼ਕਾਂ ਦਾ ਮਨੋਬਲ ਘਟਾਇਆ। ਤੀਹ ਸ਼ੇਅਰਾਂ ਵਾਲਾ ਸੈਂਸੈਕਸ ਇਸ ਦਿਨ 26907.42 ਅੰਕ 'ਤੇ ਮਜ਼ਬੂਤ ਖੁੱਲ੍ਹਾ। ਇਸ ਦਾ ਉੱਚਾ ਪੱਧਰ 26925.64 ਅੰਕ ਰਿਹਾ। ਨਿਵੇਸ਼ਕਾਂ ਦੀ ਬਿਕਵਾਲੀ ਦੇ ਬੁੱਲੇ 'ਚ ਇਸ ਨੇ 26754.60 ਅੰਕ ਦਾ ਹੇਠਲਾ ਪੱਧਰ ਛੋਹਿਆ।

ਬੀਐਸਈ ਦੇ ਸੂਚਕਅੰਕਾਂ ਪਾਵਰ, ਬੈਂਕਿੰਗ ਅਤੇ ਹੈਲਥਕੇਅਰ ਜ਼ਿਆਦਾ ਹੇਠਾਂ ਆਏ। ਇਸ ਦੇ ਉਲਟ ਕੰਜਿਊਮਰ ਡਿਊਰੇਬਲ ਅਤੇ ਤੇਲ ਤੇ ਗੈਸ ਚੜ੍ਹੇ। ਸੈਂਸੈਕਸ ਦੀਆਂ ਤੀਹ ਕੰਪਨੀਆਂ ਵਿਚੋਂ 21 ਦੇ ਸ਼ੇਅਰ ਟੁੱਟੇ, ਜਦਕਿ ਨੌਂ 'ਚ ਚੜ੍ਹਤ ਦਰਜ ਕੀਤੀ ਗਈ।