ਸੁਰੇਂਦਰ ਪ੍ਰਸਾਦ ਸਿੰਘ, ਨਵੀਂ ਦਿੱਲੀ : ਲਗਾਤਾਰ ਦੂਜੇ ਸਾਲ ਹਾੜੀ ਫ਼ਸਲਾਂ 'ਤੇ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਹਿਰ ਬਣ ਕੇ ਵਰ੍ਹੀ ਹੈ। ਉੱਤਰ ਭਾਰਤ ਦੇ ਕਣਕ ਉਤਪਾਦਕ ਖੇਤਰਾਂ 'ਚ ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼ ਅਤੇ ਟੁਕੜਿਆਂ-ਟੁਕੜਿਆਂ 'ਚ ਗੜੇਮਾਰੀ ਨੇ ਫ਼ਸਲਾਂ ਨੂੰ ਖੇਤ 'ਚ ਹੀ ਤਹਿਸ-ਨਹਿਸ ਕਰ ਦਿੱਤਾ ਹੈ। ਹਾਲਾਂਕਿ, ਸਭ ਤੋਂ ਜ਼ਿਆਦਾ ਨੁਕਸਾਨ ਕਣਕ ਦੀ ਅਗੇਤੀ ਫ਼ਸਲ ਨੂੰ ਹੋਇਆ ਹੈ। ਮੌਸਮ ਦੇ ਵਿਗੜਦੇ ਮਿਜਾਜ਼ ਨੇ ਇਥੋਂ ਦੇ ਕਿਸਾਨ ਨੂੰ ਖੂਨ ਦੇ ਅੱਥਰੂ ਰੁਲਾਇਆ ਹੈ। ਸਰਕਾਰ ਮੰਗਲਵਾਰ ਨੂੰ ਸੰਸਦ 'ਚ ਇਸ ਬਾਰੇ 'ਚ ਵਿਸਥਾਰਤ ਰਿਪੋਰਟ ਪੇਸ਼ ਸਕਦੀ ਹੈ।

ਮੌਸਮ ਵਿਭਾਗ ਦੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਇਕ ਮਾਰਚ ਤੋਂ 11 ਮਾਰਚ ਵਿਚਾਲੇ ਕੁਲ 36 ਡਵੀਜ਼ਨਾਂ 'ਚੋਂ 26 ਡਵੀਜ਼ਨਾਂ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਦੀ ਚਪੇਟ 'ਚ ਸਨ। ਜਦਕਿ ਚਾਲੂ ਹਾੜੀ ਸੀਜ਼ਨ ਦੀ ਇਸ ਮਿਆਦ 'ਚ ਕੁਲ 15 ਡਵੀਜ਼ਨਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਇਨ੍ਹਾਂ ਵਿਚੋਂ ਆਮ ਨਾਲੋਂ ਜ਼ਿਆਦਾ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਪ੍ਰਕੋਪ ਰਿਹਾ ਹੈ, ਜਿਨ੍ਹਾਂ ਨਾਲ ਕਣਕ ਸਮੇਤ ਹੋਰ ਫ਼ਸਲਾਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਖੇਤੀ ਮੰਤਰਾਲੇ ਦੇ ਸੂਤਰਾਂ ਮੁਤਾਬਕ ਇਸ ਬਾਰੇ 'ਚ ਸੂਬਿਆਂ ਨੂੰ ਤੱਤਕਾਲ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਇਥੇ ਨੁਕਸਾਨ ਦਾ ਮੁਲਾਂਕਣ ਕਰਕੇ ਸੂਚਿਤ ਕਰਨ। ਪਰ ਕਿਸੇ ਵੀ ਸੂਬਾ ਸਰਕਾਰ ਵੱਲੋਂ ਫਿਲਹਾਲ ਕੋਈ ਅਧਿਕਾਰਤ ਸੂਚਨਾ ਨਹੀਂ ਭੇਜੀ ਗਈ ਹੈ। ਖੇਤੀ ਵਿਗਿਆਨੀਆਂ ਮੁਤਾਬਕ ਸੀਮਤ ਖੇਤਰਾਂ 'ਚ ਗੜੇਮਾਰੀ ਦੀਆਂ ਖ਼ਬਰਾਂ ਤਾਂ ਮਿਲੀਆਂ ਹਨ, ਜਿਸ ਨਾਲ ਨੁਕਸਾਨ ਹੋਵੇਗਾ। ਪਰ ਬਾਰਿਸ਼ ਹੋਣ ਦਾ ਫ਼ਾਇਦਾ ਕਣਕ ਦੀ ਪਛੇਤੀ ਫ਼ਸਲ ਨੂੰ ਹੋਵੇਗਾ।

ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨਾਲ ਸੋਮਵਾਰ ਨੂੰ ਕਰਨਾਟਕ ਸਰਕਾਰ ਦੀ ਥਾਂ ਸੂਬਾ ਭਾਜਪਾ ਦਾ ਵਫਦ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁਲਾਕਾਤ ਕੀਤੀ। ਬੇਮੌਸਮੀ ਬਾਰਿਸ਼ ਦਾ ਸਭ ਤੋਂ ਜ਼ਿਆਦਾ ਕਹਿਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੀਆਂ ਫ਼ਸਲਾਂ ਨੂੰ ਹੋਇਆ ਹੈ। ਜਿਥੇ ਫ਼ਸਲਾਂ ਕਟਾਈ ਲਈ ਤਿਆਰ ਖੜ੍ਹੀਆਂ ਹਨ। ਜਦਕਿ ਪੰਜਾਬ ਅਤੇ ਹਰਿਆਣਾ 'ਚ ਰੁਕ-ਰੁਕ ਕਰਕੇ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਅਤੇ ਕਈ ਥਾਵਾਂ 'ਤੇ ਗੜੇਮਾਰੀ ਨਾਲ ਬਹੁਤ ਨੁਕਸਾਨ ਹੋਇਆ ਹੈ।

ਪਿਛਲੇ ਸਾਲ ਦੀ ਇਸੇ ਮਿਆਦ 'ਚ ਇਸ ਤਰ੍ਹਾਂ ਦੀ ਆਫ਼ਤ ਨਾਲ ਖੇਤੀ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ। ਹਾੜੀ ਸੀਜ਼ਨ ਦੀ ਪੈਦਾਵਾਰ 'ਚ ਭਾਰੀ ਕਮੀ ਦਰਜ ਕੀਤੀ ਸੀ। ਕੁਝ ਇਸੇ ਅੰਦਾਜ਼ 'ਚ ਮਾਰਚ ਮਹੀਨੇ ਦਾ ਪਹਿਲਾ ਹਫ਼ਤਾ ਇਸ ਵਾਰ ਵੀ ਖੇਤੀ ਲਈ ਘਾਤਕ ਹੋਇਆ ਹੈ। ਮੌਸਮ ਵਿਭਾਗ ਦੇ ਪੂਰਵ ਅਨੁਮਾਨ 'ਚ ਇਸ ਆਫ਼ਤ ਦੀ ਜਾਣਕਾਰੀ ਦਿੱਤੀ ਸੀ। ਇਸ ਦੇ ਆਧਾਰ 'ਤੇ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਸਲਾਹ ਵੀ ਜਾਰੀ ਕੀਤੀ ਸੀ ਪਰ ਇਹਤਿਆਦ ਵਰਤਣ ਦੇ ਬਾਵਜੂਦ ਖੇਤ 'ਚ ਖੜ੍ਹੀਆਂ ਫ਼ਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ।