ਨਵੀਂ ਦਿੱਲੀ (ਏਜੰਸੀ) : ਵਿੱਤ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਭਰੋਸਾ ਦਿਵਾਇਆ ਹੈ ਕਿ ਭਾਰਤੀ ਸਟੇਟ ਬੈਂਕ (ਐੱਸਬੀਆਈ) ਦੇ ਪੰਜ ਸਹਾਇਕ ਬੈਂਕਾਂ ਦੇ ਰਲੇਵੇਂ ਨਾਲ ਮੌਜੂਦਾ ਗਾਹਕਾਂ ਦੇ ਹਿੱਤ ਪ੍ਰਭਾਵਿਤ ਨਹੀਂ ਹੋਣਗੇ। ਸ਼ੁੱਕਰਵਾਰ ਨੂੰ ਲੋਕ ਸਭਾ 'ਚ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਰਲੇਵੇਂ ਦੀ ਪ੍ਰਕਿਰਿਆ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਤੈਅ ਰੂਪ-ਰੇਖਾ ਤਹਿਰ ਲਾਗੂ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। ਯਾਦ ਰਹੇ ਕਿ ਇਸ ਤਹਿਤ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਪਟਿਆਲਾ ਅਤੇ ਸਟੇਟ ਬੈਂਕ ਆਫ ਤ੫ਾਵਣਕੋਰ ਦਾ ਐੱਸਬੀਆਈ 'ਚ ਆਗਾਮੀ ਇਕ ਅਪ੍ਰੈੱਲ ਤਕ ਰਲੇਵਾਂ ਦਾ ਟੀਚਾ ਹੈ।

ਸੰਸਦ ਮੈਂਬਰ ਸੌਗਾਂਤ ਰਾਏ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਰਲੇਵੇਂ ਤੋਂ ਬਾਅਦ ਸਹਾਇਕ ਬੈਂਕਾਂ ਦੇ ਮੌਜੂਦਾ ਗਾਹਕਾਂ ਨੂੰ ਐੱਸਬੀਆਈ ਦੇ ਕੌਮਾਂਤਰੀ ਗਾਹਕ ਸੇਵਾ ਨੈੱਟਵਰਕ ਤੋਂ ਹਰ ਤਰ੍ਹਾਂ ਦੀ ਸਹਾਇਤਾ ਮਿਲੇਗੀ। ਹਾਲਾਂਕਿ ਗੰਗਵਾਰ ਨੇ ਐੱਸਬੀਆਈ ਤੋਂ ਇਲਾਵਾ ਜਨਤਕ ਖੇਤਰ ਦੇ ਹੋਰ ਬੈਂਕਾਂ ਦੇ ਵੀ ਰਲੇਵੇਂ ਦੀ ਯੋਜਨਾ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਲੇਵੇਂ ਨਾਲ ਐੱਸਬੀਆਈ ਦੀ ਵਿੱਤੀ ਤੇ ਗਾਹਕ ਸੇਵਾ ਦੀ ਨਿਪੁੰਨਤਾ 'ਚ ਗੁਣਾਤਮਕ ਸੁਧਾਰ ਹੋਵੇਗਾ।