ਨਵੀਂ ਦਿੱਲੀ : ਭਾਰਤ ਜੋ ਪੁਰਾਤਨ ਜਮਾਨੇ ਤੋਂ ਹੀ ਖੇਤੀ ਪ੍ਰਧਾਨ ਦੇਸ਼ ਰਿਹਾ ਹੈ, 'ਚ ਪੁਰਾਤਨ ਸਮੇਂ ਵੇਲੇਂ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀ ਹੁੰਦੀ। ਖੈਰ ਇਹ ਗੱਲਾਂ ਤਾਂ ਪੁਰਾਤਨ ਜਮਾਨੇ ਦੀਆਂ ਹਨ। ਅਜੋਕੇ ਸਮੇਂ 'ਚ ਹਰ ਆਉਂਦੇ ਕੱਲ੍ਹ ਨਾਲ ਖੇਤੀ ਘੱਟਦੀ ਜਾ ਰਹੀ ਹੈ ਤੇ ਅਸੀਂ ਇਸ ਲਈ ਬਾਹਰਲੇ ਮੁਲਕਾਂ 'ਤੇ ਨਿਰਭਰ ਹੁੰਦੇ ਜਾ ਰਹੇ ਹਾਂ। ਹੁਣ ਪਿਛਲੇ ਦਿਨੀਂ ਆਈ ਇਕ ਸਰਕਾਰੀ ਰਿਪੋਰਟ 'ਤੇ ਜੇ ਨਜ਼ਰ ਮਾਰੀਏ ਤਾਂ ਹਾੜ੍ਹੀ ਸੀਜ਼ਨ 'ਚ ਫਸਲਾਂ ਦੀ ਬੀਜਾਈ ਨੇ ਰਫਤਾਰ ਫੜ ਲਈ ਹੈ। ਕਣਕ ਸਮੇਤ ਹੋਰ ਅਨਾਜ ਦੀ ਬੀਜਾਈ 'ਚ ਜ਼ਿਕਰਯੋਗ ਤਰੱਕੀ ਹੋਈ ਹੈ। ਬੀਜਾਈ ਦੀ ਰਫਤਾਰ ਦਾ ਆਲਮ ਇਹ ਹੈ ਕਿ ਪਿਛਲੇ ਹਫਤੇ ਜਿਥੇ ਬੀਜਾਈ ਰਕਬਾ 84.13 ਲੱਖ ਹੈਕਟੇਅਰ ਸੀ, ਹੁਣ ਚਲ ਰਹੇ ਹਫਤੇ 'ਚ ਵਧ ਕੇ ਇਹ 180 ਲੱਖ ਹੈਕਟੇਅਰ ਦੀ ਉਚਾਈਆਂ ਨੂੰ ਛੂਹਣ ਲੱਗਾ ਹੈ। ਇਸ ਦੇ ਉਲਟ ਦਾਲਾਂ ਦੀ ਬੀਜਾਈ ਬਹੁਤ ਪਿਛੜ ਗਈ ਹੈ। ਆਉਣ ਵਾਲੇ ਦਿਨਾਂ 'ਚ ਵੀ ਇਸ 'ਚ ਸੁਧਾਰ ਦੀ ਗੁੰਜਾਇਸ਼ ਬਹੁਤ ਘੱਟ ਹੀ ਹੈ। ਮੁੜਦੇ ਮਾਨਸੂਨ ਦੇ ਚੰਗੇ ਮੀਂਹ ਦੇ ਚਲਦੇ ਖੇਤਾਂ 'ਚ ਚੰਗੀ ਨਮੀ ਹੋ ਗਈ ਜਿਸ ਦਾ ਫਾਇਦਾ ਚੁੱਕਦੇ ਹੋਏ ਕਿਸਾਨਾਂ ਨੇ ਹਾੜ੍ਹੀ ਦੀਆਂ ਫਸਲਾਂ ਦੀ ਬੀਜਾਈ ਸਮੇਂ ਸਿਰ ਕਰਨੀ ਸ਼ੁਰੂ ਕਰ ਦਿੱਤੀ ਪਰ ਛੋਲੇ, ਮਟਰ, ਮਸਰ ਤੇ ਹੋਰ ਫਸਲਾਂ ਦੀ ਬੀਜਾਈ ਦੀ ਰਫਤਾਰ ਹੌਲੀ ਹੋਣ ਨਾਲ ਦਾਲਾਂ ਦੀ ਖੇਤੀ ਨੂੰ ਝਟਕਾ ਲੱਗਿਆ ਹੈ ਜਦਕਿ ਤੇਲ ਵਾਲੀਆਂ ਫਸਲਾਂ ਦੀ ਬੀਜਾਈ ਤੇਜ ਹੋਈ ਹੈ ਜੋ ਪਿਛਲੇ ਸਾਲ ਤੋਂ ਕਿਤੇ ਵੱਧ ਹੈ। ਖੇਤੀ ਮੰਤਰਾਲੇ ਦੇ ਤਾਜਾ ਅੰਕੜਿਆਂ 'ਚ ਦਾਲਾਂ ਦੀ ਖੇਤੀ 'ਚ ਗਿਰਾਵਟ ਦੇ ਸੰਕੇਤ ਹਨ। ਪਿਛਲੇ ਸਾਲ ਦੀ ਇਸੇ ਮਿਆਦ 'ਚ ਦਾਲਾਂ ਦੀ ਖੇਤੀ ਦਾ ਰਕਬਾ 70 ਲੱਖ ਹੈਕਟੇਅਰ ਤੋਂ ਵੱਧ ਸੀ ਜੋ ਇਸ ਵਾਰ ਘੱਟ 58.77 ਲੱਖ ਹੈਕਟੇਅਰ 'ਤੇ ਟਿਕਿਆ ਹੋਇਆ ਹੈ। ਦੇਸ਼ 'ਚ ਦਾਲਾਂ ਦੀ ਲਗਾਤਾਰ ਹੋ ਰਹੀ ਘਾਟ ਨੂੰ ਪੂਰਾ ਕਰਨ ਲਈ ਦਰਾਮਦ ਹੀ ਇਕ ਸਹਾਰਾ ਹੈ। ਪਿਛਲੇ ਇਕ ਦਹਾਕੇ 'ਚ ਦਾਲਾਂ ਦੀ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਸਾਲਾਨਾ 30 ਤੋਂ 40 ਲੱਖ ਟਨ ਦਾਲਾਂ ਦੀ ਦਰਾਮਦ ਕੀਤੀ ਜਾਂਦੀ ਹੈ। ਘਰੇਲੂ ਪੱਧਰ 'ਤੇ ਹਾੜ੍ਹੀ ਸੀਜਨ 'ਚ ਹੀ ਦਾਲਾਂ ਦੀ ਮੁੱਖ ਖੇਤੀ ਹੁੰਦੀ ਹੈ। ਦਾਲਾਂ ਦੀ ਬੀਜਾਈ ਦਾ ਰਕਬਾ ਘੱਟਣ ਨਾਲ ਦਾਲਾਂ ਦੀ ਹੋਰ ਘਾਟ ਹੋ ਸਕਦੀ ਹੈ।