ਜਾਗਰਣ ਬਿਊਰੋ, ਨਵੀਂ ਦਿੱਲੀ : ਮੌਨਸੂਨ ਦੀ ਚੰਗੀ ਬਾਰਿਸ਼ ਅਤੇ ਸਰਕਾਰ ਦੀਆਂ ਨੀਤੀਗਤ ਤਿਆਰੀਆਂ ਦੇ ਮੱਦੇਨਜ਼ਰ ਹਾੜੀ ਸੀਜ਼ਨ 'ਚ ਅਨਾਜ 'ਚ ਰਿਕਾਰਡ ਵਾਧਾ ਹੋਵੇਗਾ। ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਇਹ ਰਾਹਤ ਦੀ ਗੱਲ ਹੈ। ਇਸ ਨਾਲ ਪੇਂਡੂ ਅਰਥਚਾਰੇ 'ਚ ਜ਼ਬਰਦਸਤ ਸੁਧਾਰ ਦੀ ਸੰਭਾਵਨਾ ਹੈ।

ਖੇਤੀ ਮੰਤਰਾਲਾ ਵੱਲੋਂ ਜਾਰੀ ਦੂਜੇ ਆਗਾਮੀ ਅੰਦਾਜ਼ੇ ਮੁਤਾਬਕ ਚਾਲੂ ਵਰ੍ਹੇ 'ਚ ਖੁਰਾਕ ਦੀ ਕੁਲ ਪੈਦਾਵਾਰ ਹੁਣ ਤਕ ਸਭ ਤੋਂ ਜ਼ਿਆਦਾ 27.19 ਕਰੋੜ ਟਨ ਹੋਵੇਗੀ। ਇਸ ਨਾਲ ਦਾਲਾਂ ਦੀ ਮਹਿੰਗਾਈ ਤੋਂ ਪਰੇਸ਼ਾਨ ਖ਼ਪਤਕਾਰਾਂ ਨੂੰ ਰਾਹਤ ਮਿਲੇਗੀ। ਨਾਲ ਹੀ, ਦਰਾਮਦ 'ਤੇ ਨਿਰਭਰਤਾ ਵੀ ਘੱਟ ਸਕਦੀ ਹੈ। ਦਾਲਾਂ ਦੀ ਪੈਦਾਵਾਰ 'ਚ 50 ਲੱਖ ਟਨ ਜ਼ਿਆਦਾ ਦਾ ਵਾਧਾ ਹੋਣ ਜਾ ਰਿਹਾ ਹੈ। ਇਹ ਪੈਦਾਵਾਰ ਵੀ ਆਪਣੇ ਆਪ 'ਚ ਕਾਫੀ ਉੱਚੀ ਹੈ। ਪਿਛਲੇ ਸਾਲ ਦਾਲਾਂ ਦੀ ਘੱਟ ਪੈਦਾਵਾਰ ਕਾਰਨ ਬਾਜ਼ਾਰ 'ਚ ਦਾਲਾਂ ਦੇ ਕੀਮਤ ਸੱਤਵੇਂ ਅਸਮਾਨ ਨੂੰ ਛੋਹਣ ਲੱਗੀਆਂ ਸਨ। ਇਸ ਚੁਣੌਤੀ ਨਾਲ ਨਜਿੱਠਣ ਲਈ 60 ਲੱਖ ਟਨ ਦਾਲਾਂ ਦਰਾਮਦ ਕਰਨੀਆਂ ਪਈਆਂ ਸਨ।

ਹਾੜੀ ਸੀਜ਼ਨ ਦੀ ਮੁੱਖ ਫ਼ਸਲ ਕਣਕ ਦੀ ਪੈਦਾਵਾਰ ਵੀ ਹੁਣ ਤਕ ਦੀ ਸਭ ਤੋਂ ਜ਼ਿਆਦਾ 9.66 ਕਰੋੜ ਟਨ ਹੈ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੈ। ਮਾਨਸੂਨ ਦੀ ਚੰਗੀ ਬਾਰਿਸ਼ ਕਾਰਨ ਮਿੱਟੀ 'ਚ ਢੁੱਕਵੀਂ ਨਮੀ ਕਾਰਨ ਕਣਕ ਦੀ ਖੇਤੀ ਦਾ ਰਕਬਾ ਵੀ ਵਧਿਆ ਹੈ। ਮੋਟੀ ਅਨਾਜ ਦੀ ਪੈਦਾਵਾਰ 'ਚ ਅਣਕਿਆਸੀ ਚੜ੍ਹਤ ਦਰਜ ਕੀਤੀ ਗਈ ਹੈ। ਮੋਟੇ ਅਨਾਜ ਵਰਗ ਦੀਆਂ ਸਾਰੀਆਂ ਫ਼ਸਲਾਂ ਦੀ ਕੁਲ ਪੈਦਾਵਾਰ 4.43 ਕਰੋੜ ਟਨ ਹੋਵੇਗੀ। ਇਹ ਪਿਛਲੇ ਸਾਲ ਦੇ ਮੁਕਾਬਲੇ 58 ਲੱਖ ਟਨ ਜ਼ਿਆਦਾ ਹੈ।

ਚਾਲੂ ਖੇਤੀ ਵਰ੍ਹੇ 2016-17 'ਚ ਕੁਲ 27.19 ਕਰੋੜ ਟਨ ਅਨਾਜ ਦਾ ਉਤਪਾਦਨ ਹੋਵੇਗਾ। ਇਹ ਸਾਲ 2013-14 ਦੇ 26.5 ਕਰੋੜ ਟਨ ਦੇ ਰਿਕਾਰਡ ਉਤਪਾਦਨ ਦੇ ਮੁਕਾਬਲੇ ਜ਼ਿਆਦਾ ਹੈ। ਲਗਪਗ 70 ਲੱਖ ਟਨ ਅਨਾਜ ਦੀ ਪੈਦਾਵਾਰ ਜ਼ਿਆਦਾ ਹੋਣ ਜਾ ਰਹੀ ਹੈ। ਬੀਤੇ ਫ਼ਸਲੀ ਵਰ੍ਹੇ ਮੁਕਾਬਲੇ ਇਹ ਪੈਦਾਵਾਰ 2.04 ਕਰੋੜ ਟਨ ਜ਼ਿਆਦਾ ਹੈ।

ਦਾਲਾਂ ਦੀ ਸਭ ਤੋਂ ਜ਼ਿਆਦਾ ਉਪਜ

ਅਰਹਰ ਅਤੇ ਮਾਂਹ ਦੀ ਖੇਤੀ ਦਾ ਰਕਬਾ ਵਧਣ ਦੀ ਵਜ੍ਹਾ ਨਾਲ ਦਾਲਾਂ ਦੀਆਂ ਫ਼ਸਲਾਂ ਦੀ ਪੈਦਾਵਾਰ ਵੀ ਉੱਚੇ ਪੱਧਰ ਨੂੰ ਛੋਹ ਸਕਦੀ ਹੈ। ਅਰਹਰ ਤੋਂ ਬਾਅਦ ਛੋਲਿਆਂ ਦੀ ਦਾਲ ਦੀ ਮਹਿੰਗਾਈ ਨੇ ਲੋਕਾਂ ਦਾ ਸੁਆਦ ਖ਼ਰਾਬ ਕੀਤਾ ਹੈ। ਪਰ ਚਾਲੂ ਹਾੜੀ ਸੀਜ਼ਨ 'ਚ ਛੋਲਿਆਂ ਦੀ ਪੈਦਾਵਾਰ 91 ਲੱਖ ਟਨ ਤਕ ਹੋਣ ਦਾ ਅੰਦਾਜ਼ਾ ਹੈ। ਇਹ ਅੰਕੜਾ ਪਿਛਲੇ ਸਾਲ ਦੇ 70 ਲੱਖ ਟਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।