* ਵੈਟ ਦੇ ਢਾਂਚੇ ਕਾਰਨ ਦਿੱਲੀ 'ਚ ਕੀਮਤ ਨੋਇਡਾ ਤੇ ਗਾਜ਼ਿਆਬਾਦ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਘੱਟ ਰਹੀ

* ਕੌਮਾਂਤਰੀ ਕੀਮਤ ਵਧਣ 'ਤੇ ਹਾਲਾਂਕਿ ਦਿੱਲੀ 'ਚ ਈਂਧਣ ਜ਼ਿਆਦਾ ਸਸਤਾ ਹੋਣ ਦੀ ਸੰਭਾਵਨਾ 'ਤੇ ਫਿਰ ਸਕਦੈ ਪਾਣੀ

ਨਵੀਂ ਦਿੱਲੀ (ਏਜੰਸੀ) : ਪੈਟਰੋਲ ਤੇ ਡੀਜ਼ਲ ਜਲਦੀ ਦਿੱਲੀ 'ਚ ਉੱਤਰ ਪ੍ਰਦੇਸ਼ ਦੇ ਸਰਹੱਦੀ ਸ਼ਹਿਰਾਂ ਦੇ ਮੁਕਾਬਲੇ ਸਸਤਾ ਹੋ ਸਕਦਾ ਹੈ, ਕਿਉਂਕਿ ਸਥਾਨਕ ਟੈਕਸ ਦੇ ਢਾਂਚੇ ਕਾਰਨ ਦਿੱਲੀ 'ਚ ਇਨ੍ਹਾਂ ਦੀ ਕੀਮਤ ਜ਼ਿਆਦਾ ਤੇਜ਼ੀ ਨਾਲ ਘੱਟ ਰਹੀ ਹੈ। ਪੁਰਾਤਨ ਰੂਪ ਨਾਲ ਦਿੱਲੀ 'ਚ ਦੋਵੇਂ ਈਂਧਨਾਂ ਦੀ ਕੀਮਤ ਜ਼ਿਆਦਾਤਰ ਸੂਬਿਆਂ ਤੋਂ ਘੱਟ ਰਹੀ ਹੈ, ਪਰ ਭਾਜਪਾ ਸ਼ਾਸਿਤ ਸੂਬਿਆਂ ਵੱਲੋਂ ਪੰਜ ਅਕਤੂਬਰ ਤੋਂ ਵੈਟ 'ਚ ਕਟੌਤੀ ਕੀਤੇ ਜਾਣ ਮਗਰੋਂ ਨੋਇਡਾ ਤੇ ਗਾਜ਼ਿਆਬਾਦ 'ਚ ਇਹ ਈਂਧਨ ਸਸਤੇ ਹੋ ਗਏ।

ਦਿੱਲੀ ਤੇ ਯੂਪੀ ਦੇ ਗੁਆਂਢੀ ਸ਼ਹਿਰਾਂ 'ਚ ਕੀਮਤ ਦਾ ਫਾਸਲਾ ਹਾਲਾਂਕਿ ਕਾਫੀ ਘੱਟ ਗਿਆ ਹੈ। ਪੰਜ ਅਕਤੂਬਰ ਨੂੰ ਇਹ ਫਾਸਲਾ ਪੈਟਰੋਲ 'ਚ ਪ੍ਰਤੀ ਲੀਟਰ ਤਿੰਨ ਰੁਪਏ ਤੋਂ ਵੱਧ ਤੇ ਡੀਜ਼ਲ 'ਚ ਲਗਪਗ 2.3 ਰੁਪਏ ਸੀ, ਜੋ ਹੁਣ ਘੱਟ ਕੇ ਲੜੀਵਾਰ 44-57 ਪੈਸੇ ਤੇ ਇਕ ਰੁਪਏ ਰਹਿ ਗਿਆ ਹੈ।

ਪੈਟਰੋਲ ਦੀ ਕੀਮਤ ਦਿੱਲੀ 'ਚ ਮੰਗਲਵਾਰ ਨੂੰ 71.72 ਰੁਪਏ ਪ੍ਰਤੀ ਲੀਟਰ ਸੀ, ਜੋ ਗਾਜ਼ਿਆਬਾਦ 'ਚ 71.15 ਤੇ ਨੋਇਡਾ 'ਚ 71.28 ਰੁਪਏ ਸੀ। ਡੀਜ਼ਲ ਦੀ ਕੀਮਤ ਦਿੱਲੀ 'ਚ ਪ੍ਰਤੀ ਲੀਟਰ 66.39 ਰੁਪਏ ਪ੍ਰਤੀ ਲੀਟਰ, ਗਾਜ਼ਿਆਬਾਦ 'ਚ 65.31 ਰੁਪਏ ਤੇ ਨੋਇਡਾ 'ਚ 65.44 ਰੁਪਏ ਸੀ। ਪੰਪ 'ਤੇ ਰਿਟੇਲ ਕੀਮਤ ਤੈਅ ਕਰਨ ਲਈ ਆਧਾਰ ਮੁੱਲ 'ਚ ਕੇਂਦਰੀ ਉਤਪਾਦ ਫੀਸ, ਡੀਲਰ ਕਮਿਸ਼ਨ ਤੇ ਵੈਟ ਨੂੰ ਜੋੜਿਆ ਜਾਂਦਾ ਹੈ। ਉਤਪਾਦ ਫੀਸ ਪ੍ਰਤੀ ਲੀਟਰ 17.98 ਰੁਪਏ (ਪੈਟਰੋਲ) ਤੇ 13.83 ਰੁਪਏ (ਡੀਜ਼ਲ) ਹੈ, ਜੋ ਆਧਾਰ ਮੁੱਲ 'ਚ ਬਦਲਾਅ ਨਾਲ ਪ੍ਰਭਾਵਿਤ ਨਹੀਂ ਹੁੰਦਾ ਹੈ। ਜ਼ਿਆਦਾਤਰ ਸੂਬਿਆਂ 'ਚ ਵੈਟ ਹਾਲਾਂਕਿ ਆਧਾਰ ਮੁੱਲ ਤੇ ਉਤਪਾਦ ਫੀਸ ਨੂੰ ਜੋੜਨ ਮਗਰੋਂ ਉਸ ਦੇ ਫ਼ੀਸਦੀ ਦੇ ਰੂਪ 'ਚ ਲਗਾਇਆ ਜਾਂਦਾ ਹੈ।

ਤੇਲ ਮਾਰਕੀਟਿੰਗ ਕੰਪਨੀਆਂ ਦੀ ਕੀਮਤ ਸੂਚਨਾ ਮੁਤਾਬਕ ਪੈਟਰੋਲ 'ਤੇ ਦਿੱਲੀ 'ਚ ਵੈਟ 27 ਫ਼ੀਸਦੀ ਤੇ ਡੀਜ਼ਲ 'ਤੇ 16.75 ਫ਼ੀਸਦੀ ਹੈ। ਇਸ ਦੇ ਉਪਰ 250 ਰੁਪਏ ਪ੍ਰਤੀ ਹਜ਼ਾਰ ਲੀਟਰ ਦੀ ਦਰ ਨਾਲ ਵਾਤਾਵਰਨ ਫੀਸ ਲੱਗਦੀ ਹੈ। ਉੱਤਰ ਪ੍ਰਦੇਸ਼ 'ਚ ਵੈਟ ਦੀ ਦਰ ਪੈਟਰੋਲ ਲਈ 23.78 ਫ਼ੀਸਦੀ ਜਾਂ 14.41 ਰੁਪਏ (ਜੋ ਵੀ ਵੱਧ ਹੋਵੇ) ਤੇ ਡੀਜ਼ਲ ਲਈ 14.05 ਫ਼ੀਸਦੀ ਜਾਂ 8.43 ਰੁਪਏ (ਜੋ ਵੀ ਵੱਧ ਹੋਵੇ) ਹੈ। ਸੂਤਰਾਂ ਨੇ ਕਿਹਾ ਕਿ ਜਦੋਂ ਕੀਮਤ ਘੱਟ ਰਹੀ ਹੈ, ਉਦੋਂ ਉੱਤਰ ਪ੍ਰਦੇਸ਼ 'ਚ ਵੈਟ ਨਿਸ਼ਚਿਤ ਰਾਸ਼ੀ ਵਜੋਂ ਲਗਾਈ ਜਾਂਦੀ ਹੈ। ਕਿਉਂਕਿ ਉਹ ਫ਼ੀਸਦੀ ਦੇ ਮੁਕਾਬਲੇ ਵੱਧ ਹੁੰਦੀ ਹੈ। ਇਸੇ ਕਾਰਨ ਦੋਵੇਂ ਈਂਧਨਾਂ ਦੀ ਕੀਮਤ ਦਿੱਲੀ 'ਚ ਜ਼ਿਆਦਾ ਤੇਜ਼ੀ ਨਾਲ ਘੱਟ ਰਹੀ ਹੈ। ਹਾਲਾਂਕਿ ਕੱਚੇ ਤੇਲ ਦੀ ਕੌਮਾਂਤਰੀ ਕੀਮਤ ਵਧਣ ਦੀ ਸਥਿਤੀ 'ਚ ਦਿੱਲੀ 'ਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਕੀਮਤ ਘੱਟ ਹੋਣ ਦੀ ਸੰਭਾਵਨਾ 'ਤੇ ਪਾਣੀ ਫਿਰ ਜਾਵੇਗਾ।