ਨਵੀਂ ਦਿੱਲੀ (ਏਜੰਸੀ) : ਚੀਨ ਦੀ ਮੁੱਖ ਈ-ਕਾਮਰਸ ਕੰਪਨੀ ਅਤੇ ਆਨਲਾਈਨ ਵਾਲੇਟ ਪੇਟੀਐÎਮ ਦੇ ਮੁਖੀ ਨਿਵੇਸ਼ਕ ਅਲੀਬਾਬਾ ਨੇ ਰਿਲਾਇੰਸ ਕੈਪੀਟਲ ਤੋਂ ਮਾਮੂਲੀ 275 ਕਰੋੜ ਰੁਪਏ 'ਚ ਖ਼ਰੀਦੀ ਹੈ। ਇਸ ਸੌਦੇ ਨਾਲ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਨੂੰ ਆਪਣੇ ਨਿਵੇਸ਼ 'ਤੇ 27 ਗੁਣਾ ਰਿਟਰਨ ਮਿਲਿਆ ਹੈ ਅਤੇ ਪੇਟੀਐੱਮ ਦੀ ਮੂਲ ਕੰਪਨੀ ਵਨ97 ਕਮਿਊਨਿਕੇਸ਼ਨ ਦਾ ਮੁਲਾਂਕਣ ਵਧ ਕੇ ਕਰੀਬ 4.1 ਅਰਬ ਡਾਲਰ ਹੋ ਗਿਆ ਹੈ। ਮੁਲਾਂਕਣ 'ਚ ਵਾਧਾ ਅਜਿਹੇ ਸਮੇਂ ਆਇਆ ਹੈ ਕਿ ਜਦ ਦੇਸ਼ ਦੇ ਈ-ਕਾਮਰਸ ਖੇਤਰ ਨੂੰ ਮੁਲਾਂਕਣ 'ਚ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਇਸ ਗਰੁੱਪ ਦਾ ਮੁਲਾਂਕਣ ਕਰੀਬ 1 ਅਰਬ ਡਾਲਰ ਆਂਕਿਆ ਗਿਆ ਸੀ। ਰਿਲਾਇੰਸ ਕੈਪੀਟਲ ਨੇ 2009 'ਚ ਵਨ ਕਮਿਊਨਿਕੇਸ਼ਨ 'ਚ 10 ਕਰੋੜ ਰੁਪਏ 'ਚ 1 ਫ਼ੀਸਦੀ ਤੋਂ ਘੱਟ ਹਿੱਸੇਦਾਰੀ ਖ਼ਰੀਦੀ ਸੀ। ਅਲੀਬਾਬਾ ਨਾਲ ਹੋਏ ਇਸ ਸੌਦੇ ਨਾਲ ਹੀ ਪੇਟੀਐੱਮ ਕਿਸੇ ਭਾਰਤੀ ਵੱਲੋਂ ਸਥਾਪਤ ਈ-ਕਾਮਰਸ ਕੰਪਨੀਆਂ ਦੀ ਮੁਲਾਂਕਣ ਸੂਚੀ 'ਚ ਦੂਜੇ ਪਾਏਦਾਨ 'ਤੇ ਪੁੱਜ ਗਈ। ਪਿਛਲੇ ਸਾਲ ਫਲਿਪਕਾਰਟ ਦਾ ਮੁਲਾਂਕਣ 15 ਅਰਬ ਡਾਲਰ ਤਕ ਪਹੁੰਚ ਗਿਆ ਸੀ ਪਰ ਨਿਵੇਸ਼ਕਾਂ ਨੇ ਉਸ ਦੇ ਮੁਲਾਂਕਣ ਨੂੰ ਕਈ ਵਾਰ ਘਟਾਇਆ ਵੀ ਹੈ। ਹਾਲ 'ਚ ਮਾਰਗਨ ਸਟੈਨਲੀ ਨੇ ਫਲਿਪਕਾਰਟ ਦਾ ਮੁਲਾਂਕਣ ਘਟਾ ਕੇ 5.39 ਅਰਬ ਡਾਲਰ ਕਰ ਦਿੱਤਾ ਸੀ। ਆਨਲਾਈਨ ਖੇਤਰ ਦੀ ਇਕ ਹੋਰ ਮੁੱਖ ਕੰਪਨੀ ਸਨੈਪਡੀਲ ਦਾ ਮੁਲਾਂਕਣ ਵੀ ਇਕ ਸਾਲ ਪਹਿਲਾਂ ਕਰੀਬ 6.5 ਅਰਬ ਡਾਲਰ ਰਿਹਾ ਸੀ ਪਰ ਚਰਚਾ ਹੈ ਕਿ ਕੰਪਨੀ ਹੁਣ 4 ਅਰਬ ਡਾਲਰ ਤੋਂ ਵੀ ਘੱਟ ਮੁਲਾਂਕਣ 'ਤੇ ਰਕਮ ਇਕੱਠੀ ਕਰਨ ਲਈ ਗੱਲਬਾਤ ਕਰ ਰਹੀ ਹੈ।

ਪੇਟੀਐੱਮ ਅਤੇ ਰਿਲਾਇੰਸ ਕੈਪੀਟਲ ਦੋਵੇਂ ਦੇ ਇਸ ਸੌਦੇ ਬਾਰੇ 'ਚ ਵਿਸਥਾਰਪੂਰਵਕ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਸੋਮਵਾਰ ਦੀ ਦੇਰ ਸ਼ਾਮ ਇਸ ਸੌਦੇ ਨੂੰ ਆਖ਼ਰੀ ਰੂਪ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਰਿਲਾਇੰਸ ਕੈਪੀਟਲ ਨੇ ਪੇਟੀਐੱਮ ਈ-ਕਾਮਰਸ 'ਚ ਆਪਣੀ ਹਿੱਸੇਦਾਰੀ ਬਰਕਰਾਰ ਰੱਖੀ ਹੈ ਜੋ ਉਸ ਨੂੰ ਪੇਟੀਐੱਮ ਦੀ ਮੂਲ ਕੰਪਨੀ 'ਚ ਨਿਵੇਸ਼ ਦੌਰਾਨ ਮੁਫ਼ਤ ਮਿਲੀ ਸੀ। ਵਨ97 ਕਮਿਊਨਿਕੇਸ਼ਨ ਆਪਣੀਆਂ ਦੋ ਸਹਾਇਕ ਕੰਪਨੀਆਂ ਪੇਟੀਐੱਮ ਪੇਮੈਂਟਸ ਬੈਂਕ ਅਤੇ ਪੇਟੀਐੱਮ ਮਾਰਕੀਟਪਲੇਸ ਨੇ ਹਾਲ 'ਚ ਜ਼ਬਰਦਸਤ ਤਰੱਕੀ (1 ਅਰਬ ਜਾਂ ਇਸ ਤੋਂ ਜ਼ਿਆਦਾ ਮੁਲਾਂਕਣ) ਕੀਤੀ ਹੈ। ਪਿਛਲੇ ਸਾਲ ਗਰੁੱਪ ਦਾ ਮੁਲਾਂਕਣ ਕਰੀਬ 3 ਅਰਬ ਡਾਲਰ ਆਂਕਿਆ ਗਿਆ ਸੀ। ਇਸ ਤੋਂ ਪਹਿਲਾਂ ਰਿਲਾਇੰਸ ਕੈਪੀਟਲ ਨੇ ਕਿਹਾ ਸੀ ਕਿ ਉਹ ਗ਼ੈਰ ਮੁਖੀ ਜਾਇਦਾਦਾਂ ਦਾ ਲਾਹਾ ਲੈਣ ਦੀ ਯੋਜਨਾ ਤਹਿਤ ਆਪਣੇ ਪ੍ਰੋਪਰਾਇਰਟਰੀ ਪੋਰਟਫੋਲਿਓ ਨੂੰ ਹਲਕਾ ਕਰੇਗਾ। ਪੇਟੀਐੱਮ ਉਨ੍ਹਾਂ ਚੋਣਵੀਆਂ ਕੰਪਨੀਆਂ 'ਚ ਸ਼ਾਮਲ ਹੈ ਜੋ ਈ-ਕਾਮਰਸ ਖੇਤਰ 'ਚ ਗਿਰਾਵਟ ਦੇ ਝਟਕੇ ਦੇ ਬਾਵਜੂਦ ਵਾਧਾ ਕਰ ਰਹੀਆਂ ਹੈ। ਕੰਪਨੀ ਨਾ ਸਿਰਫ ਰਕਮ ਇਕੱਠੀ ਕਰਨ 'ਚ ਸਫਲ ਰਹੀ ਹੈ ਬਲਕਿ ਹੁਣ ਉਹ ਆਪਣੇ ਮੁੱਖ ਨਿਵੇਸ਼ਕ ਅਲੀਬਾਬਾ ਲਈ ਭਾਰਤੀ ਬਾਜ਼ਾਰ 'ਚ ਦਾਖਲੇ ਦਾ ਮਾਧਿਅਮ ਵੀ ਬਣ ਰਹੀ ਹੈ। ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਨੇ ਹਾਲ 'ਚ ਪੇਟੀਐੱਮ ਈ-ਕਾਮਰਸ ਪ੍ਰਾਈਵੇਟ ਲਿਮਟਿਡ 'ਚ ਕਰੀਬ 20 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ।