* ਲਗਾਤਾਰ ਦੂਜੀ ਤਿਮਾਹੀ 'ਚ ਆਈ ਬੈਂਕਾਂ ਦੇ ਐੱਨਪੀਏ ਅਨੁਪਾਤ 'ਚ ਕਮੀ

* ਨਵੇਂ ਐੱਨਪੀਏ ਬਣਨ 'ਤੇ ਵੀ ਲੱਗੀ ਲਗਾਮ

ਹਰਿਕਿਸ਼ਨ ਸ਼ਰਮਾ, ਨਵੀਂ ਦਿੱਲੀ

ਬੈਂਕਾਂ ਦੀ ਐੱਨਪੀਏ (ਫਸੇ ਕਰਜ਼ੇ) ਦੀ ਸਮੱਸਿਆ 'ਤੇ ਆਖ਼ਰਕਾਰ ਲਗਾਮ ਲੱਗ ਗਈ ਹੈ। ਪਿਛਲੇ ਵਿੱਤੀ ਵਰ੍ਹੇ ਚਰਮ 'ਤੇ ਪੁੱਜੀ ਸਕਲ ਐੱਨਪੀਏ ਰਾਸ਼ੀ 'ਚ ਚਾਲੂ ਵਿੱਤੀ ਵਰ੍ਹੇ ਦੀ ਸ਼ੁਰੂਆਤੀ ਦੋ ਤਿਮਾਹੀ 'ਚ ਲਗਾਤਾਰ ਗਿਰਾਵਟ ਆਈ ਹੈ। ਖ਼ਾਸ ਗੱਲ ਇਹ ਹੈ ਕਿ ਬੈਂਕਾਂ ਨੇ ਜੋ ਕਰਜ਼ ਦੇ ਰੱਖਿਆ ਹੈ ਉਸ 'ਚੋਂ ਨਵੇਂ ਐੱਨਪੀਏ ਬਣਨ ਦਾ ਅਨੁਪਾਤ (ਸਲਿਪੇਜ ਅਨੁਪਾਤ) ਵੀ ਤੇਜ਼ੀ ਨਾਲ ਘੱਟ ਹੋ ਰਿਹਾ ਹੈ।

ਸੂਤਰਾਂ ਮੁਤਾਬਕ ਬੈਂਕਾਂ ਦੀ ਗ੍ਰਾਸ ਨਾਨ ਪਰਫਾਰਮਿੰਗ ਏਸੇਟਸ (ਜੀਐੱਨਪੀਏ) ਰਾਸ਼ੀ 31 ਮਾਰਚ 2018 ਨੂੰ ਹੁਣ ਤਕ ਦੇ ਸਭ ਤੋਂ ਉੱਚ ਪੱਧਰ 'ਤੇ ਪੁੱਜ ਕੇ 10.36 ਲੱਖ ਕਰੋੜ ਰੁਪਏ ਹੋ ਗਈ ਸੀ, ਪਰ 30 ਸਤੰਬਰ 2018 ਨੂੰ ਇਹ ਘੱਟ ਕੇ 10.14 ਲੱਖ ਕਰੋੜ ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ ਜੀਐੱਨਪੀਏ ਅਨੁਪਾਤ ਵੀ ਮਾਰਚ 2018 'ਚ 11.8 ਫ਼ੀਸਦੀ ਤੋਂ ਘੱਟ ਕੇ 10.58 ਫ਼ੀਸਦੀ ਰਹਿ ਗਿਆ ਹੈ। ਸੂਤਰਾਂ ਨੇ ਕਿਹਾ ਚਾਲੂ ਵਿੱਤੀ ਵਰ੍ਹੇ 'ਚ ਲਗਾਤਾਰ ਦੂਜੀ ਤਿਮਾਹੀ 'ਚ ਐੱਨਪੀਏ 'ਚ ਕਮੀ ਆਈ ਹੈ। ਹਾਲਾਂਕਿ ਸਰਕਾਰੀ ਬੈਂਕਾਂ ਦੇ ਜੀਐੱਨਪੀਏ 'ਚ ਗਿਰਾਵਟ ਦੀ ਵੀ ਰਫ਼ਤਾਰ ਅਜੇ ਸੁਸਤ ਹੈ। ਸਾਰੇ ਬੈਂਕਾਂ ਦੇ ਫਸੇ ਕਰਜ਼ ਦੀ ਕੁੱਲ ਰਾਸ਼ੀ 'ਚ ਜ਼ਿਆਦਾਤਰ ਹਿੱਸਾ ਸਰਕਾਰੀ ਬੈਂਕਾਂ ਦਾ ਹੀ ਹੈ।

ਸੂਤਰਾਂ ਨੇ ਕਿਹਾ ਕਿ ਪਿਛਲੇ ਕੁਝ ਵਰਿ੍ਹਆਂ 'ਚ ਫਸੇ ਕਰਜ਼ੇ ਦੀ ਰਾਸ਼ੀ 'ਚ ਵਾਧਾ ਅਰਥਵਿਵਸਥਾ 'ਚ ਪ੍ਰਮੁੱਖ ਚੁਣੌਤੀ ਬਣ ਕੇ ਉਭਰੀ ਹੈ। ਉਸ ਚੁਣੌਤੀ ਨਾਲ ਨਿਪਟਣ ਲਈ ਸਰਕਾਰ ਤੇ ਰਿਜ਼ਰਵ ਬੈਂਕ ਨੇ ਕਈ ਕਦਮ ਚੁੱਕੇ ਹਨ ਤੇ ਉਨ੍ਹਾਂ ਉਪਾਅ ਦਾ ਨਤੀਜਾ ਹੈ ਕਿ ਐੱਨਪੀਏ 'ਚ ਕਮੀ ਆਈ ਹੈ। ਸੂਤਰਾਂ ਨੇ ਕਿਹਾ ਕਿ ਚਾਲੂ ਵਿੱਤੀ ਵਰ੍ਹੇ ਦੀਆਂ ਸ਼ੁਰੂਆਤੀ ਦੋ ਤਿਮਾਹੀਆਂ (ਅਪ੍ਰੈਲ ਤੋਂ ਜੂਨ ਤੇ ਜੁਲਾਈ ਤੋਂ ਸਤੰਬਰ) ਦੌਰਾਨ 'ਸਲਿਪੇਜ਼ ਰੇਸ਼ੋ' ਵੀ ਘੱਟ ਹੋਈ ਹੈ। ਸਲਿਪੇਜ਼ ਰੇਸ਼ੋ 'ਚ ਕਮੀ ਆਉਣ ਦਾ ਮਤਲਬ ਇਹ ਹੈ ਕਿ ਹੁਣ ਨਵੇਂ ਐੱਨਪੀਏ ਘੱਟ ਬਣ ਰਹੇ ਹਨ। ਸਲਿਪੇਜ਼ ਰੇਸ਼ੋ 31 ਮਾਰਚ 2018 ਤਕ 7.3 ਫ਼ੀਸਦੀ ਸੀ ਜੋ 30 ਸਤੰਬਰ 2018 ਨੂੰ ਘੱਟ ਕੇ 3.87 ਫ਼ੀਸਦੀ ਰਹਿ ਗਿਆ ਹੈ। ਸਪਿਪੇਜ਼ ਰੇਸ਼ੋ ਇਕ ਸਾਲ ਅੰਦਰ ਬੈਂਕਾਂ ਦੀ ਐੱਨਪੀਏ ਬਣੀ ਕਰਜ਼ ਰਾਸ਼ੀ ਤੇ ਬੈਂਕਾਂ ਦੀ ਸਟੈਂਡਰਡ ਏਸੇਟਸ ਦਾ ਅਨੁਪਾਤ ਹੁੰਦਾ ਹੈ। ਸਟੈਂਡਰਡ ਏਸੇਟਸ ਦਾ ਭਾਵ ਅਜਿਹੇ ਕਰਜ਼ਾ ਖਾਤਿਆਂ ਤੋਂ ਹੈ ਜੋ ਸਮੇਂ 'ਤੇ ਆਪਣੀ ਈਐੱਮਆਈ ਦਾ ਭੁਗਤਾਨ ਕਰ ਰਹੇ ਹਨ। ਸੂਤਰਾਂ ਮੁਤਾਬਕ ਐੱਨਪੀਏ 'ਚ ਗਿਰਾਵਟ ਦਾ ਇਹ ਬਿਊਰਾ ਰਿਜ਼ਰਵ ਬੈਂਕ ਨੇ ਹਾਲ 'ਚ ਹੋਈ ਸੰਸਦ ਦੀ ਵਿੱਤ ਮਾਮਲਿਆਂ ਸਬੰਧੀ ਸਥਾਈ ਕਮੇਟੀ ਅੱਗੇ ਰੱਖਿਆ ਹੈ। ਕਾਂਗਰਸ ਆਗੂ ਵੀਰੱਪਾ ਮੋਈਲੀ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਬਤੌਰ ਮੈਂਬਰ ਸ਼ਾਮਲ ਹਨ। ਕਮੇਟੀ ਦੀ ਪਿਛਲੀ ਬੈਠਕ 'ਚ ਆਰਬੀਆਈ ਗਵਰਨਰ ਉਰਜਿਤ ਪਟੇਲ ਪੇਸ਼ ਹੋਏ ਸਨ।

ਐੱਨਪੀਏ ਸਮੱਸਿਆ 'ਤੇ ਲੱਗੀ ਲਗਾਮ

ਸਾਰੇ ਬੈਂਕ, ਜੀਐੱਨਪੀਏ, ਸਲਿਪੇਜ਼ ਰੇਸ਼ੋ

ਮਾਰਚ-2017, 7.9, 5.62

ਮਾਰਚ-2018, 10.36, 7.3

ਜੂਨ-2018, 10.16, 4.3

ਸਤੰਬਰ-2018, 10.14, 3.8

ਨੋਟ : ਜੀਐੱਨਪੀਏ ਦੀ ਰਾਸ਼ੀ ਲੱਖ ਕਰੋੜ ਰੁਪਏ 'ਚ, ਸਲਿਪੇਜ਼ ਰੇਸ਼ੋ ਫ਼ੀਸਦੀ 'ਚ।