ਮੁੰਬਈ (ਏਜੰਸੀ) : ਕੱਚੇ ਤੇਲ ਦੀ ਕੀਮਤ ਵਿਚ ਉਛਾਲ ਅਤੇ ਸਨਅਤੀ ਉਤਪਾਦਨ ਵਿਚ ਗਿਰਾਵਟ ਕਾਰਨ ਦਲਾਲ ਸਟਰੀਟ ਵਿਚ 2 ਦਿਨਾਂ ਤੋਂ ਜਾਰੀ ਤੇਜ਼ੀ ਸੋਮਵਾਰ ਨੂੰ ਰੁਕ ਗਈ। ਨਿਵੇਸ਼ਕਾਂ ਦੀ ਬਿਕਵਾਲੀ ਕਾਰਨ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ 231.94 ਅੰਕ ਟੁੱਟ ਕੇ 26515.24 ਅੰਕ 'ਤੇ ਬੰਦ ਹੋਇਆ। ਬੀਤੇ 2 ਦਿਨਾਂ ਵਿਚ ਇਹ ਸੰਵੇਦੀ ਸੂਚਕ ਅੰਕ 510 ਅੰਕ ਉਛਲਿਆ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 90.95 ਅੰਕ ਟੁੱਟ ਕੇ 8170.80 ਅੰਕ 'ਤੇ ਬੰਦ ਹੋਇਆ। ਓਪੇਕ ਅਤੇ ਗੈਰ-ਓਪੇਕ ਦੇਸ਼ਾਂ ਵਿਚ ਉਤਪਾਦਨ ਕਟੌਤੀ 'ਤੇ ਸਹਿਮਤੀ ਬਣਨ ਦੀ ਖਬਰ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ੋਰਦਾਰ ਤੇਜ਼ੀ ਆਈ। ਇਸ ਦੇ ਇਲਾਵਾ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੀਜ਼ਾ ਨੂੰ ਲੈ ਕੇ ਸਖਤੀ ਵਰਤਣ ਦੇ ਬਿਆਨ ਕਾਰਨ ਆਈਟੀ ਕੰਪਨੀਆਂ ਸਹਿਮੀਆਂ ਹੋਈਆਂ ਹਨ। ਬੀਤੇ ਸ਼ੁੱਕਰਵਾਰ ਨੂੰ ਜਾਰੀ ਸਨਅਤੀ ਉਤਪਾਦਨ ਦੇ ਨਿਰਾਸ਼ਜਨਕ ਅੰਕੜੇ ਨੇ ਘਰੇਲੂ ਬਾਜ਼ਾਰ ਦੀ ਕਾਰੋਬਾਰੀ ਧਾਰਨਾ 'ਤੇ ਸਖਤ ਅਸਰ ਪਾਇਆ। ਮੰਗਲਵਾਰ ਨੂੰ ਪਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕਾਂ ਨੇ ਚੌਕਸੀ ਵਰਤੀ। ਇਨ੍ਹਾਂ ਸਭ ਕਾਰਨਾਂ ਕਰਕੇ ਦਲਾਲ ਸਟਰੀਟ ਵਿਚ ਮੰਦੜੀਆਂ ਦਾ ਬੋਲਬਾਲਾ ਰਿਹਾ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 26725.31 ਅੰਕ ਕਮਜ਼ੋਰ ਖੁੱਲਿ੍ਹਆ। ਇਹੋ ਇਸ ਦਾ ਦਿਨ ਦਾ ਉੱਚਾ ਪੱਧਰ ਰਿਹਾ। ਬਿਕਵਾਲੀ ਦੇ ਦਬਾਅ ਹੇਠ ਇਹ ਇਕ ਸਮੇਂ ਦਿਨ ਦੇ ਹੇਠਲੇ ਪੱਧਰ 26468.59 ਅੰਕ ਤਕ ਟੁੱਟ ਗਿਆ ਸੀ। ਇਸ ਦਿਨ ਆਟੋ, ਬੈਂਕਿੰਗ, ਐੱਫਐੱਮਸੀਜੀ ਅਤੇ ਤੇਲ ਤੇ ਗੈਸ ਕੰਪਨੀਆਂ ਦੇ ਸ਼ੇਅਰਾਂ 'ਤੇ ਬਿਕਵਾਲੀ ਦੀ ਵੱਧ ਮਾਰ ਪਈ। ਛੋਟੀਆਂ ਤੇ ਦਰਮਿਆਨੀਆਂ ਕੰਪਨੀਆਂ ਨਾਲ ਜੁੜੇ ਸਮਾਲਕੈਪ ਅਤੇ ਮਿਡਕੈਪ ਸੂਚਕ ਅੰਕਾਂ ਵਿਚ ਵੀ ਕਰੀਬ ਇਕ ਫੀਸਦੀ ਤਕ ਦੀ ਗਿਰਾਵਟ ਆਈ। ਸੈਂਸੈਕਸ ਦੀਆਂ 30 ਕੰਪਨੀਆਂ ਵਿਚੋਂ 23 ਦੇ ਸ਼ੇਅਰ ਡਿੱਗੇ, ਜਦਕਿ 7 ਵਿਚ ਚੜ੍ਹਤ ਦਰਜ ਕੀਤੀ ਗਈ।