* ਟੈਕਸ ਦਾ ਦਾਇਰਾ ਵਧਾਉਣ ਲਈ ਚੰਗੀ ਰਹੀ ਨੋਟਬੰਦੀ : ਸੀਬੀਡੀਟੀ

* ਬੀਤੇ ਵਿੱਤੀ ਵਰ੍ਹੇ 'ਚ ਛੇ ਕਰੋੜ ਤੋਂ ਵੱਧ ਰਿਟਰਨ ਦਾਖ਼ਲ

* ਹੁਣ ਤਕ 2.27 ਕਰੋੜ ਰਿਫੰਡ, ਪਿਛਲੇ ਸਾਲ ਤੋਂ 50 ਫ਼ੀਸਦੀ ਵੱਧ

ਨਵੀਂ ਦਿੱਲੀ (ਏਜੰਸੀ) : ਅਸੈਸਮੈਂਟ ਵਰ੍ਹਾ 2018-19 (ਵਿੱਤੀ ਵਰ੍ਹਾ 2017-18) ਦੌਰਾਨ ਟੈਕਸ ਦੇਣਦਾਰਾਂ ਵੱਲੋਂ ਦਾਖ਼ਲ ਕੀਤੇ ਗਏ ਟੈਕਸ ਰਿਟਰਨ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ 'ਚ 50 ਫ਼ੀਸਦੀ ਵੱਧ ਗਈ ਹੈ। ਇਨਕਮ ਟੈਕਸ ਰਿਟਰਨ ਦੀ ਗਿਣਤੀ ਵੱਧ ਕੇ 6.08 ਕਰੋੜ ਹੋ ਗਈ। ਕੇਂਦਰੀ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਸੀਆਈਆਈ ਦੇ ਇਕ ਪ੍ਰੋਗਰਾਮ ਮਗਰੋਂ ਗੱਲਬਾਤ 'ਚ ਕਿਹਾ, 'ਇਹ ਨੋਟਬੰਦੀ ਦਾ ਅਸਰ ਹੈ।' ਉਨ੍ਹਾਂ ਕਿਹਾ ਕਿ ਨੋਟਬੰਦੀ ਦੇਸ਼ 'ਚ ਟੈਕਸ ਦਾ ਦਾਇਰਾ ਵਧਾਉਣ ਲਈ ਕਾਫੀ ਚੰਗੀ ਰਹੀ ਹੈ। ਇਸ ਸਾਲ ਸਾਨੂੰ ਹੁਣ ਤਕ ਲਗਪਗ 6.08 ਕਰੋੜ ਰਿਟਰਨ ਮਿਲ ਚੁੱਕੇ ਹਨ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ 'ਚ ਮਿਲੇ ਰਿਟਰਨ ਤੋਂ 50 ਫ਼ੀਸਦੀ ਵੱਧ ਹੈ।

ਚੰਦਰਾ ਨੇ ਉਮੀਦ ਪ੍ਰਗਟਾਈ ਕਿ ਮਾਲੀਆ ਵਿਭਾਗ ਚਾਲੂ ਵਿੱਤੀ ਵਰ੍ਹੇ ਦੌਰਾਨ 11.5 ਲੱਖ ਕਰੋੜ ਰੁਪਏ ਦਾ ਸਿੱਧਾ ਟੈਕਸ ਸੰਗ੍ਰਹਿ ਦਾ ਬਜਟ ਟੀਚਾ ਹਾਸਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ, 'ਸਾਡੇ ਕੁੱਲ ਸਿੱਧੇ ਟੈਕਸ ਸੰਗ੍ਰਹਿ 'ਚ 16.5 ਫ਼ੀਸਦੀ ਤੇ ਸ਼ੁੱਧ ਸਿੱਧੇ ਟੈਕਸ 'ਚ 14.5 ਫ਼ੀਸਦੀ ਦੀ ਦਰ ਨਾਲ ਵਾਧਾ ਹੋਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਨੋਟਬੰਦੀ ਨਾਲ ਟੈਕਸ ਦਾ ਦਾਇਰਾ ਵਧਣ 'ਚ ਵਾਕਈ ਮਦਦ ਮਿਲੀ ਹੈ।' ਉਨ੍ਹਾਂ ਕਿਹਾ, 'ਹੁਣ ਤਕ ਕੁੱਲ ਸਿੱਧੇ ਟੈਕਸ ਸੰਗ੍ਰਹਿ ਬਜਟ ਮੁਲਾਂਕਣ ਦਾ 48 ਫ਼ੀਸਦੀ ਰਿਹਾ ਹੈ।'

70 ਦੇਸ਼ਾਂ ਵਿਚਾਲੇ ਸੂਚਨਾਵਾਂ ਸਾਂਝੀਆਂ

ਚੰਦਰਾ ਨੇ ਦੱਸਿਆ ਕਿ ਸੂਚਨਾਵਾਂ ਦੇ ਆਪਣੇ-ਆਪ ਆਦਾਨ-ਪ੍ਰਦਾਨ ਤਹਿਤ 70 ਦੇਸ਼ ਭਾਰਤ ਨਾਲ ਸੂਚਨਾਵਾਂ ਸਾਂਝੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਕਾਰਪੋਰੇਟ ਟੈਕਸ ਦੇਣਦਾਰਾਂ ਦੀ ਗਿਣਤੀ ਪਿਛਲੇ ਵਰ੍ਹੇ ਦੇ ਸੱਤ ਲੱਖ ਦੀ ਤੁਲਨਾ 'ਚ ਵੱਧ ਕੇ ਅੱਠ ਲੱਖ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਨੇ ਰਿਟਰਨ ਫਾਈਲ ਨਾ ਕਰਨ ਵਾਲੇ ਤੇ ਇਨਕਮ ਦਾ ਰਿਟਰਨ ਨਾਲ ਮਿਲਾਣ ਨਾ ਹੋਣ 'ਤੇ ਦੋ ਕਰੋੜ ਟੈਕਸ ਦੇਣਦਾਰਾਂ ਨੂੰ ਮੈਸੇਜ (ਐੱਸਐੱਮਐੱਸ) ਭੇਜੇ ਗਏ ਹਨ।

ਆਨਲਾਈਨ ਸੁਲਝੇ 70 ਹਜ਼ਾਰ ਮਾਮਲੇ

ਚੰਦਰਾ ਨੇ ਟੈਕਸ ਦੇਣਦਾਰਾਂ ਤੇ ਟੈਕਸ ਅਧਿਕਾਰੀਆਂ ਵਿਚਾਲੇ ਮਨੁੱਖੀ ਸੰਪਰਕ ਘੱਟ ਕਰਨ ਦੀਆਂ ਵਿਭਾਗ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਰ੍ਹੇ ਹੁਣ ਤਕ 70 ਹਜ਼ਾਰ ਤੋਂ ਵੱਧ ਮਾਮਲਿਆਂ 'ਚ ਟੈਕਸ ਦੇਣਦਾਰਾਂ ਤੇ ਟੈਕਸ ਅਧਿਕਾਰੀ ਦੇ ਆਹਮੋ-ਸਾਹਮਣੇ ਸੰਪਰਕ ਕੀਤੇ ਬਗੈਰ ਆਨਲਾਈਨ ਹੱਲ ਕੱਿਢਆ ਗਿਆ।

ਚਾਰ ਸਾਲ 'ਚ 80 ਫ਼ੀਸਦੀ ਵਧਿਆ ਟੈਕਸ ਦਾਇਰਾ

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਦੌਰਾਨ ਦੇਸ਼ ਦਾ ਟੈਕਸ ਦਾਇਰਾ 80 ਫ਼ੀਸਦੀ ਵਧਿਆ ਹੈ। ਉਨਵਾਂ ਕਾਰਪੋਰੇਟ ਟੈਕਸ ਦੀਆਂ ਦਰਾਂ ਘੱਟ ਕਰਨ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਜ਼ਿਕਰ ਕਰਦੇ ਹੋਏ ਕਿਹਾ, 'ਟੈਕਸ ਵਿਵਸਥਾ ਦੀ ਪਾਲਣਾ ਚੰਗੀ ਹੋਣੀ ਚਾਹੀਦੀ ਹੈ ਤਾਂਕਿ ਸਰਕਾਰ ਦਰਾਂ ਘੱਟ ਕਰਨ ਦੀ ਸਥਿਤੀ 'ਚ ਆ ਸਕੇ।' ਸੀਬੀਡੀਟੀ ਮੁਖੀ ਨੇ ਕਿਹਾ ਕਿ ਇਸ ਵਰ੍ਹੇ ਹੁਣ ਤਕ 2.27 ਕਰੋੜ ਰਿਫੰਡ ਦਿੱਤੇ ਜਾ ਚੁੱਕੇ ਹਨ। ਇਹ ਪਿਛਲੇ ਸਾਲ ਦੀ ਤੁਲਨਾ 'ਚ 50 ਫ਼ੀਸਦੀ ਵੱਧ ਹੈ।

ਫਲਿੱਪਕਾਰਟ-ਵਾਲਮਾਰਟ ਡੀਲ ਦੀ ਇਨਕਮ ਟੈਕਸ ਦੇ ਲਿਹਾਜ ਨਾਲ ਜਾਂਚ

ਨਵੀਂ ਦਿੱਲੀ : ਇਨਕਮ ਟੈਕਸ ਦੇ ਲਿਹਾਜ ਨਾਲ ਫਲਿੱਪਕਾਰਟ-ਵਾਲਮਾਰਟ ਡੀਲ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਪ੍ਰਸਿੱਧ ਰਿਟੇਲ ਕੰਪਨੀ ਵਾਲਮਾਰਟ ਵੱਲੋਂ ਫਲਿੱਪਕਾਰਟ ਦੇ ਵੱਖ-ਵੱਖ ਸ਼ੇਅਰਧਾਰਕਾਂ ਤੋਂ ਹਿੱਸੇਦਾਰੀ ਖ਼ਰੀਦਣ ਦੇ ਭੁਗਤਾਨ ਨਾਲ ਜੁੜੇ ਟੈਕਸੇਸ਼ਨ 'ਤੇ ਗੌਰ ਕੀਤਾ ਜਾ ਰਿਹਾ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸੇਜ਼ ਦੇ ਮੈਂਬਰ ਅਖਿਲੇਸ਼ ਰੰਜਨ ਨੇ ਕਿਹਾ ਕਿ ਵੱਖ-ਵੱਖ ਸ਼ੇਅਰਧਾਰਕਾਂ ਨੂੰ ਵਾਲਮਾਰਟ ਵੱਲੋਂ ਕੀਤੇ ਗਏ ਭੁਗਤਾਨ ਦਾ ਬਿਊਰੋ ਸਾਨੂੰ ਮਿਲ ਗਿਆ ਹੈ। ਕੁਝ ਮਾਮਲਿਆਂ 'ਚ ਟੈਕਸ ਕੱਟਿਆ ਗਿਆ ਹੈ। ਕੁਝ ਭੁਗਤਾਨ 'ਚ ਟੈਕਸ ਨਹੀਂ ਕੱਟਿਆ ਗਿਆ ਹੈ। ਅਸੀਂ ਇਸ ਦਾ ਪ੍ਰੀਖਣ ਕਰ ਰਹੇ ਹਾਂ।